Skip to main content

Today’s Hukamnama from Gurdwara Sri Ber Sahib Ji Sultanpur Lodhi

Sunday, 2nd August 2026 (18 Saawan, Samvat 558 Nanakshahi)


ਵਡਹੰਸੁ ਮਹਲਾ ੧ ॥ ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥ ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥ ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥ ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥ ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥ ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥ ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ ॥ ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥ ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ ॥ ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ ॥ ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥ ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ ॥੨॥ ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥੩॥ ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥ ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥ ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥ ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥ ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ ॥ ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥੪॥੫॥ ਵਡਹੰਸੁ ਮਹਲਾ ੩ ਮਹਲਾ ਤੀਜਾ {ਪੰਨਾ 581-582}

ਪਦਅਰਥ: ਬਾਬਾ = ਹੇ ਭਾਈ! ਝੂਠੁ = ਨਾਸਵੰਤ। ਪਸਾਰੋ = ਪਸਾਰੁ, ਖਿਲਾਰਾ। ਸਚਾ = ਸਦਾ-ਥਿਰ ਰਹਿਣ ਵਾਲਾ। ਸਚੜੈ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ। ਸਚੁ = ਸਦਾ-ਥਿਰ ਪ੍ਰਭੂ। ਖਰਾ = ਖ਼ਾਲਸ, ਨਿਰੋਲ। ਸਚਿਆਰੋ = ਸਚਿਆਰੁ, {ਸਚ = ਆਲਯ} ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ। ਕੂੜਿ = ਮਾਇਆ ਦੇ ਮੋਹ ਵਿਚ। ਲਬਿ = ਲੱਬ ਵਿਚ। ਥਾਇ ਨ ਪਾਸੀ = ਪਰਵਾਨ ਨਹੀਂ ਹੁੰਦਾ। ਥਾਇ = ਥਾਂ ਵਿਚ। ਠਾਓ = ਥਾਂ। ਕਾਓ = ਕਾਂ। ਵਡਾ ਵੇਛੋੜਾ = ਪਰਮਾਤਮਾ ਨਾਲੋਂ ਲੰਮਾ ਵਿਛੋੜਾ। ਬਿਨਸੈ = ਆਤਮਕ ਮੌਤੇ ਮਰਦਾ ਹੈ। ਸਬਾਏ = ਸਾਰੇ ਜੀਵ। ਰੂਆਏ = ਰੁਆਉਂਦਾ ਹੈ।੧।

ਭਾਈਹੋ = ਹੇ ਭਾਈਹੋ! ਗਲਿ ਮਿਲਹ = ਆਓ ਇਕ ਦੂਜੇ ਦੇ ਗਲ ਨਾਲ ਮਿਲੀਏ, ਆਓ ਪਿਆਰ ਨਾਲ ਰਲ ਬੈਠੀਏ। ਦੇਹ = ਆਓ ਅਸੀ ਦੇਵੀਏ। ਸਚੜਾ = ਸਦਾ ਟਿਕੇ ਰਹਿਣ ਵਾਲਾ। ਦੇਵਹੋ = ਹੇ ਭਾਈ! ਦੇਵਹੁ। ਕਰੇਵਹੋ = ਕਰੋ। ਇਕਿ = ਅਨੇਕਾਂ ਜੀਵ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਨਾਵਹੁ = ਨਾਮ ਤੋਂ। ਖੇਲੋ = ਖੇਲੁ, ਖੇਡ, ਜੀਵਨ = ਖੇਡ। ਮਾਰਗਿ = ਰਸਤੇ ਤੇ। ਸਬਦਿ = ਗੁਰੂ ਦੇ ਸ਼ਬਦ ਵਿਚ। ਸਾਚੈ ਵੇਸੇ = ਉਸ ਪ੍ਰਭੂ ਵਿਚ ਜਿਸ ਦਾ ਸਰੂਪ ਸਦਾ-ਥਿਰ ਰਹਿਣ ਵਾਲਾ ਹੈ। ਸਾਜਨ ਸੈਣ = ਹੇ ਸੱਜਣ ਮਿੱਤਰੋ! ਸੰਜੋਗੀ = ਸਤਸੰਗ ਵਿਚ।੨।

ਲੇਖੁ = ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ ਉਹ ਹੁਕਮ ਜੋ ਅਗਾਂਹ ਜਗਤ ਵਿਚ ਭੋਗਣਾ ਹੈ। ਸਾਹਾ = ਉਹ ਸਮਾ ਜੋ ਜੀਵ ਦੀ ਮੌਤ ਵਾਸਤੇ ਨਿਯਤ ਹੋ ਚੁਕਾ ਹੈ। {ਨੋਟ: ਹਿੰਦੂ ਕੌਮ ਵਿਚ ਲੜਕੀ ਲੜਕੇ ਦੇ ਵਿਆਹ ਦਾ ਸਮਾ ਪੰਡਿਤ ਸ਼ਾਸਤ੍ਰਾਂ ਤੋਂ ਵਿਚਾਰ ਕੇ ਮੁਕਰਰ ਕਰਦਾ ਹੈ। ਉਹ ਮੁਕਰਰ ਕੀਤਾ 'ਸਾਹਾ' ਅਗਾਂਹ ਪਿਛਾਂਹ ਨਹੀਂ ਕੀਤਾ ਜਾ ਸਕਦਾ। ਜਿਵੇਂ ਵਿਆਹ ਦੀ ਰਾਹੀਂ ਲੜਕੀ ਨੂੰ ਮਾਪਿਆਂ ਦੇ ਘਰ ਤੋਂ ਸੋਧੇ ਹੋਏ 'ਸਾਹੇ' ਅਨੁਸਾਰ ਸਹੁਰੇ ਘਰ ਤੋਰ ਦੇਈਦਾ ਹੈ, ਤਿਵੇਂ ਜੀਵ = ਇਸਤ੍ਰੀ ਜਗਤ = ਰੂਪ ਮਾਪੇ = ਘਰ ਤੋਂ ਤੁਰ ਪੈਂਦੀ ਹੈ}। ਪੁਰਬਿ = ਪੂਰਬਲੇ ਸਮੇ ਵਿਚ। ਬਹਿ = ਬੈਠ ਕੇ, ਵਿਚਾਰ ਕੇ। ਸਾਚੈ = ਸਦਾ-ਥਿਰ ਪ੍ਰਭੂ ਨੇ। ਅੰਮ੍ਰਿਤੁ = ਨਾਮ = ਅੰਮ੍ਰਿਤ। ਬਿਖਿਆ = ਮਾਇਆ = ਜ਼ਹਿਰ। ਜਿਤੁ = ਜਿਸ ਪਾਸੇ ਵਲ। ਕਾਮਣਿਆਰੀ = ਜਾਦੂ ਟੂਣੇ ਕਰਨ ਵਾਲੀ (ਮਾਇਆ) । ਕਾਮਣ = ਟੂਣੇ, ਜਾਦੂ। ਗਲਿ = ਗਲ ਵਿਚ। ਹੋਛੀ = ਥੋੜ੍ਹ = ਵਿਤੀ। ਸਾ = ਜਿਵੇਂ। ਨਾਮਰਜਾਦੁ = {ਨਾ = ਮਰਜਾਦੁ} ਮਰਜਾਦਾ = ਰਹਿਤ, ਨੰਗਾ। ਕਲਿ = ਜਗਤ। ਬੰਧਿ = ਬੰਨ੍ਹ ਕੇ।੩।

ਰੋਵਹੁ = ਰੋ ਪਿੱਟ ਲਵੋ। ਜਾਨੀਅੜਾ = ਪਿਆਰਾ ਸੰਬੰਧੀ। ਪਠਾਇਆ ਹੈ– ਇੱਥੋਂ ਤੋਰ ਦਿੱਤਾ ਗਿਆ ਹੈ। ਦਰਿ = (ਪ੍ਰਭੂ ਦੇ) ਦਰ ਤੋਂ। ਹਾਕਾਰੜਾ = ਸੱਦਾ। ਜਾ = ਜਦੋਂ। ਤਿਸੁ = ਉਸ ਪ੍ਰਭੂ ਨੂੰ। ਰੋਵਣਹਾਰੇ = ਰੋਣ ਵਾਲੇ। ਭੈ = (ਆਪਣੀ ਕਿਸੇ ਮੁਸੀਬਤ ਦੇ) ਡਰ ਦੇ ਕਾਰਨ। ਸਾਰਿ = ਚੇਤੇ ਕਰ ਕੇ। ਕੋ = ਕੋਈ ਜੀਵ। ਜੁਗਿ ਜੁਗਿ = ਹਰੇਕ ਜੁੱਗ ਵਿਚ, ਸਦਾ ਹੀ। ਸਿ = ਸੇ, ਉਹ ਬੰਦੇ। ਜਾਣ ਜਾਣਾ = ਸਿਆਣਿਆਂ ਤੋਂ ਸਿਆਣੇ। ਰੋਵਹਿ = ਵੈਰਾਗ ਵਿਚ ਆਉਂਦੇ ਹਨ, ਪ੍ਰਭੂ ਨਾਲੋਂ ਵਿਛੋੜਾ ਅਨੁਭਵ ਕਰਦੇ ਹਨ। ਸਚੁ = ਸਦਾ-ਥਿਰ ਪ੍ਰਭੂ। ਸਮਾਲੇ = ਸਮਾਲਿ, ਚੇਤੇ ਕਰ ਕੇ।੪।

ਅਰਥ: ਹੇ ਭਾਈ! ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ (ਕਿਸੇ ਨੇ ਇਥੇ ਸਦਾ ਨਹੀਂ ਬੈਠ ਰਹਿਣਾ) ਇਹ ਜਗਤ ਹੈ ਹੀ ਨਾਸਵੰਤ ਖਿਲਾਰਾ। ਜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਟਿਕਾਣਾ ਮਿਲ ਜਾਂਦਾ ਹੈ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ।

ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਜਾਂ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦਾ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ। ਜਿਵੇਂ ਸੁੰਞੇ ਘਰ ਵਿਚ ਗਏ ਕਾਂ ਨੂੰ (ਕਿਸੇ ਨੇ ਰੋਟੀ ਦੀ ਗਰਾਹੀ ਆਦਿਕ ਨਹੀਂ ਪਾਣੀ) (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਕਿਸੇ ਨੇ ਇਹ ਨਹੀਂ ਆਖਣਾ-ਆਓ ਜੀ, ਅੰਦਰ ਲੰਘ ਆਵੋ ਤੇ ਬੈਠ ਜਾਵੋ। ਉਸ ਮਨੁੱਖ ਨੂੰ ਜਨਮ ਮਰਨ ਦਾ ਗੇੜ ਭੁਗਤਣਾ ਪੈ ਜਾਂਦਾ ਹੈ, ਉਸ ਨੂੰ (ਇਸ ਗੇੜ ਦੇ ਕਾਰਨ ਪ੍ਰਭੂ-ਚਰਨਾਂ ਨਾਲੋਂ) ਲੰਮਾ ਵਿਛੋੜਾ ਹੋ ਜਾਂਦਾ ਹੈ। (ਮਾਇਆ ਦੇ ਮੋਹ ਵਿਚ ਫਸ ਕੇ) ਜਗਤ ਆਤਮਕ ਮੌਤ ਸਹੇੜ ਰਿਹਾ ਹੈ (ਜੇਹੜੇ ਭੀ ਮੋਹ ਵਿਚ ਫਸਦੇ ਹਨ ਉਹ) ਸਾਰੇ (ਆਤਮਕ ਮੌਤ ਮਰਦੇ ਹਨ) । ਲਾਲਚ ਦੇ ਕਾਰਨ ਮਾਇਆ ਦੇ ਹੀ ਆਹਰ ਵਿਚ ਪਿਆ ਹੋਇਆ ਜਗਤ ਸਹੀ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ। ਇਸ ਦੇ ਸਿਰ ਉਤੇ ਖਲੋਤਾ ਕਾਲ ਇਸ ਨੂੰ ਦੁੱਖੀ ਕਰਦਾ ਰਹਿੰਦਾ ਹੈ।੧।

ਹੇ ਭਾਈ! ਹੇ ਭਰਾਵੋ! ਆਓ, ਅਸੀ ਪਿਆਰ ਨਾਲ ਰਲ ਕੇ ਬੈਠੀਏ, ਤੇ ਮਿਲ ਕੇ (ਆਪਣੇ ਵਿਛੁੜੇ ਸਾਥੀ ਨੂੰ) ਅਸੀਸਾਂ ਦੇਵੀਏ (ਉਸ ਦੇ ਵਾਸਤੇ ਪ੍ਰਭੂ-ਦਰ ਤੇ ਅਰਦਾਸਾਂ ਕਰੀਏ) ਪ੍ਰੀਤਮ-ਪ੍ਰਭੂ ਨਾਲ ਮਿਲਣ ਦੀਆਂ ਅਸੀਸਾਂ ਦੇਈਏ (ਅਰਦਾਸਾਂ ਕਰੀਏ। ਸਦਾ-ਥਿਰ ਮੇਲ ਸਿਰਫ਼ ਪਰਮਾਤਮਾ ਨਾਲ ਹੀ ਹੁੰਦਾ ਹੈ ਤੇ ਅਰਦਾਸ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ।

(ਹੇ ਸਤਸੰਗੀ ਭਰਾਵੋ! ਰਲ ਕੇ ਵਿਛੁੜੇ ਸਾਥੀ ਲਈ) ਅਰਦਾਸਾਂ ਕਰੋ (ਅਤੇ ਆਪ ਭੀ) ਪਰਮਾਤਮਾ ਦੀ ਭਗਤੀ ਕਰੋ (ਭਗਤੀ ਦੀ ਬਰਕਤਿ ਨਾਲ ਪਰਮਾਤਮਾ ਦੇ ਚਰਨਾਂ ਵਿਚ ਮਿਲਾਪ ਹੋ ਜਾਂਦਾ ਹੈ) ਜੇਹੜੇ ਇਕ ਵਾਰੀ ਪ੍ਰਭੂ-ਚਰਨਾਂ ਨਾਲ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ।

ਪਰ ਕਈ ਐਸੇ ਹਨ ਜੋ ਪਰਮਾਤਮਾ ਦੇ ਨਾਮ ਤੋਂ ਖੁੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉਖੜੇ ਫਿਰਦੇ ਹਨ। ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਸਹੀ ਜੀਵਨ-ਖੇਡ ਹੈ ਜੋ ਗੁਰੂ ਦੇ ਸ਼ਬਦ ਵਿਚ ਜੁੜ ਕੇ ਖੇਡੀ ਜਾ ਸਕਦੀ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਉਹ ਜਮ ਦੇ ਰਸਤੇ ਤੇ ਨਹੀਂ ਜਾਂਦੇ, ਉਹ ਸਦਾ ਲਈ ਹੀ ਉਸ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ (ਵੇਸ) ਸਦਾ ਲਈ ਅਟੱਲ ਹੈ।

ਹੇ ਸੱਜਣ ਮਿੱਤ੍ਰ ਸਤਸੰਗੀਓ! ਸਤਸੰਗ ਵਿਚ ਰਲ ਬੈਠੋ। ਜੇਹੜੇ ਬੰਦੇ ਸਤਸੰਗ ਵਿਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ।੨।

ਹੇ ਭਾਈ! ਜੀਵ ਆਪਣੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਨਵੇਂ ਜੀਵਨ ਵਿਚ ਭੋਗਣ ਵਾਸਤੇ) ਦੁੱਖ ਅਤੇ ਸੁਖ-ਰੂਪ ਲੇਖ (ਪਰਮਾਤਮਾ ਦੀ ਦਰਗਾਹ ਵਿਚੋਂ ਆਪਣੇ ਮੱਥੇ ਤੇ) ਲਿਖਾ ਕੇ ਜਗਤ ਵਿਚ ਨੰਗਾ ਹੀ ਆਉਂਦਾ ਹੈ (ਜਨਮ ਸਮੇ ਹੀ ਉਹ ਸਮਾ ਭੀ ਨਿਯਤ ਕੀਤਾ ਜਾਂਦਾ ਹੈ ਜਦੋਂ ਜੀਵ ਨੇ ਜਗਤ ਤੋਂ ਵਾਪਸ ਤੁਰ ਪੈਣਾ ਹੁੰਦਾ ਹੈ) ਉਹ ਮੁਕਰਰ ਕੀਤਾ ਹੋਇਆ ਸਮਾ ਅਗਾਂਹ ਪਿਛਾਂਹ ਨਹੀਂ ਹੋ ਸਕਦਾ, (ਨਾਹ ਹੀ ਉਹ ਦੁਖ ਸੁਖ ਵਾਪਰਨੋਂ ਹਟ ਸਕਦਾ ਹੈ) ਜੋ ਪੂਰਬਲੇ ਜਨਮ ਵਿਚ ਕਰਮ ਕਰ ਕੇ (ਕਮਾਈ ਵਜੋਂ) ਖੱਟਿਆ ਹੈ। (ਜੀਵ ਦੇ ਕੀਤੇ ਕਰਮਾਂ ਅਨੁਸਾਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ ਵਿਚ ਨਾਮ-ਅੰਮ੍ਰਿਤ ਵਿਹਾਝਣਾ ਹੈ ਜਾਂ ਮਾਇਆ-ਜ਼ਹਿਰ ਖੱਟਣਾ ਹੈ। (ਪਿਛਲੇ ਕੀਤੇ ਅਨੁਸਾਰ ਹੀ ਪ੍ਰਭੂ ਦੀ ਰਜ਼ਾ ਵਿਚ) ਜਿਧਰ ਜੀਵ ਨੂੰ ਲਾਇਆ ਜਾਂਦਾ ਹੈ ਉਧਰ ਇਹ ਲੱਗ ਪੈਂਦਾ ਹੈ। (ਉਸੇ ਲਿਖੇ ਅਨੁਸਾਰ ਹੀ) ਜਾਦੂ ਟੂਣੇ ਕਰਨ ਵਾਲੀ ਮਾਇਆ ਜੀਵ ਉਤੇ ਜਾਦੂ ਪਾ ਦੇਂਦੀ ਹੈ, ਇਸ ਦੇ ਗਲ ਵਿਚ ਕਈ ਰੰਗਾਂ ਵਾਲਾ ਧਾਗਾ ਪਾ ਦੇਂਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ) । (ਇਸ ਮੋਹਣੀ ਮਾਇਆ ਦੇ ਪ੍ਰਭਾਵ ਹੇਠ ਹੀ) ਜੀਵ ਦੀ ਮਤਿ ਥੋੜ੍ਹ-ਵਿਤੀ ਹੋ ਜਾਂਦੀ ਹੈ, ਜੀਵ ਦਾ ਮਨ ਥੋੜ੍ਹ-ਵਿਤਾ ਹੋ ਜਾਂਦਾ ਹੈ (ਭਾਵ, ਇਸ ਵਿਚ ਵਿਤਕਰਾ ਤੇ ਮੇਰ-ਤੇਰ ਆ ਜਾਂਦੇ ਹਨ, ਆਪਣੇ ਨਿੱਕੇ ਜਿਹੇ ਸੁਅਰਥ ਤੋਂ ਬਾਹਰ ਵੇਖ ਸੋਚ ਨਹੀਂ ਸਕਦਾ) , ਜਿਵੇਂ ਮੱਖੀ ਗੁੜ ਖਾਂਦੀ ਹੈ (ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ, ਤਿਵੇਂ ਜੀਵ ਮਾਇਆ ਨਾਲ ਚੰਬੜ ਕੇ ਆਤਮਕ ਮੌਤੇ ਮਰ ਜਾਂਦਾ ਹੈ) । ਜੀਵ ਜਗਤ ਵਿਚ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ।੩।

ਹੇ ਭਾਈ! ਜਿਸ ਜੀਵ ਦੇ ਇਥੋਂ ਚਲਾਣੇ ਦਾ ਸੱਦਾ ਆ ਜਾਂਦਾ ਹੈ, ਰੋ ਰੋ ਕੇ ਉਸ ਸੱਦੇ ਨੂੰ ਟਾਲ ਨਹੀਂ ਸਕੀਦਾ, ਇਹ ਅਟੱਲ ਨਿਯਮ ਹੈ, ਪਰ ਫਿਰ ਭੀ) ਜੇ ਕਿਸੇ ਨੇ (ਇਸ ਸੱਦੇ ਨੂੰ ਟਾਲਣ ਲਈ) ਰੋਣਾ ਹੀ ਹੈ ਤਾਂ ਰੋ ਕੇ ਵੇਖ ਲਵੋ। ਪਿਆਰਾ ਸੰਬੰਧੀ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ। (ਉਸ ਦੇ ਇਥੋਂ ਕੂਚ ਵਾਸਤੇ ਪਰਮਾਤਮਾ ਦੀ ਦਰਗਾਹ ਦਾ) ਲਿਖਿਆ ਹੁਕਮ ਮਿਟਾ ਨਹੀਂ ਸਕੀਦਾ, ਪ੍ਰਭੂ ਦੇ ਦਰ ਤੋਂ ਸੱਦਾ ਆ ਜਾਂਦਾ ਹੈ (ਉਹ ਸੱਦਾ ਅਮਿੱਟ ਹੈ) ।

ਜਦੋਂ ਪਰਮਾਤਮਾ ਨੂੰ (ਆਪਣੀ ਰਜ਼ਾ ਵਿਚ) ਚੰਗਾ ਲੱਗਦਾ ਹੈ, ਤਾਂ (ਜੀਵ ਵਾਸਤੇ ਕੂਚ ਦਾ) ਸੱਦਾ ਆ ਜਾਂਦਾ ਹੈ, ਰੋਣ ਵਾਲੇ ਸੰਬੰਧੀ ਰੋਂਦੇ ਹਨ। ਪੁੱਤਰ, ਭਰਾ, ਭਤੀਜੇ, ਬੜੇ ਪਿਆਰੇ ਸੰਬੰਧੀ (ਸਭੇ ਹੀ) ਰੋਂਦੇ ਹਨ।

ਜੀਵ (ਕੂਚ ਕਰ ਜਾਣ ਵਾਲੇ ਆਪਣੇ ਸੰਬੰਧੀ ਦੇ ਪਿੱਛੇ ਦੁਨੀਆ ਵਿਚ ਵਾਪਰਨ ਵਾਲੇ ਦੁੱਖਾਂ ਦੇ) ਸਹਮ ਵਿਚ ਰੋਂਦਾ ਹੈ, ਤੇ ਉਸ ਦੇ ਗੁਣਾਂ (ਸੁਖਾਂ) ਨੂੰ ਮੁੜ ਮੁੜ ਚੇਤੇ ਕਰਦਾ ਹੈ, ਪਰ ਕਦੇ ਭੀ ਕੋਈ ਜੀਵ ਮੁਏ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ (ਜੀਊਣਾ ਹਰੇਕ ਨੂੰ ਪਿਆਰਾ ਲੱਗਦਾ ਹੈ, ਆਈ ਤੋਂ ਬਿਨਾ ਕੋਈ ਮਰ ਭੀ ਨਹੀਂ ਸਕਦਾ) ।

ਹੇ ਨਾਨਕ! ਇਹ ਮਰਨ ਤੇ ਜੰਮਣ ਦਾ ਸਿਲਸਿਲਾ ਤਾਂ ਜਾਰੀ ਹੀ ਰਹਿਣਾ ਹੈ) ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ-ਥਿਰ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦੇ ਹਨ।੪।੫।

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ 182ਵੇਂ ਸ਼ਹੀਦੀ ਜੋੜ ਮੇਲੇ 'ਸਤਾਈਆਂ' ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈੱਡ ਚੌਂਕ ਕਪੂਰਥਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਹੱਲਾ ਸੰਤਪੁਰਾ ਤੋਂ ਪ੍ਰਾਰੰਭ ਹੋ ਕੇ ਪਿੰਡ ਭਗਤਪੁਰ, ਭਗਵਾਨਪੁਰ, ਝੁੱਗੀਆਂ ਗੁਲਾਮ, ਮਜਾਦਪੁਰ, ਕੁੱਲੀਆਂ, ਰੱਤਾ ਨੌ ਅਬਾਦ, ਕੋਲੀਆਂਵਾਲ, ਅੱਡਾ ਸਾਬੂਵਾਲ, ਦਰੀਏਵਾਲ, ਟੋਡਰਵਾਲ, ਨਵਾਂ ਠੱਟਾ, ਪੁਰਾਣਾ ਠੱਟਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚਿਆ। ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚਣ ’ਤੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਨਿੱਘਾ ਸਵਾਗਤ ਕੀਤਾ ਗਿਆ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਨਗਰ ਕੀਰਤਨ ਦੇ ਸਮਾਪਤੀ ਦੀ ਅਰਦਾਸ ਹੋਈ। ਇਸ ਮੌਕੇ ਪੰਜ ਪਿਆਰੇ ਸਾਹਿਬਾਨ ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਦਾ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਵੱਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਨਗਰ ਕੀਰਤਨ ਦੀ ਆਰੰਭਤਾ ਤੋਂ ਲੈ ਕੇ ਸਮਾਪਤੀ ਤੱਕ ਦੇ ਸਫਰ ਦੌਰਾਨ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ ਤੇ ਨਗਰ ਕੀਰਤਨ ਦੀਆਂ ਸ...

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਤੋਂ ਏ. ਸੀ., ਏ. ਸੀ. ਦੀਆਂ ਪਾਈਪਾਂ ਅਤੇ ਸੈਨੇਟਰੀ ਦਾ ਸਾਮਾਨ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ।  ਜਾਣਕਾਰੀ ਦਿੰਦਿਆਂ ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਦੇ ਸੀ.ਐੱਚ.ਟੀ. ਰਾਮ ਸਿੰਘ ਨੇ ਦੱਸਿਆ ਕਿ ਛੁੱਟੀਆਂ ਤੋਂ ਬਾਅਦ ਅੱਜ ਜਦੋਂ ਸਕੂਲ ਖੁੱਲ੍ਹੇ ਤਾਂ ਤਿੰਨ ਕਮਰਿਆਂ ਵਿੱਚ ਲੱਗੇ ਏ.ਸੀ. ਚਲਾਏ ਤਾਂ ਕਮਰੇ ਠੰਢੇ ਨਾ ਹੋਣ ਤੇ ਜਦੋਂ ਉਨ੍ਹਾਂ ਨੂੰ ਸ਼ੱਕ ਪਿਆ ਤਾਂ ਕਮਰਿਆਂ ਦੀਆਂ ਛੱਤਾਂ ’ਤੇ ਜਾ ਕੇ ਦੇਖਿਆ। ਉੱਥੇ ਇੱਕ ਏ.ਸੀ.ਦਾ ਆਊਟ ਡੋਰ ਯੂਨਿਟ ਗ਼ਾਇਬ ਸੀ ਅਤੇ ਦੂਜੇ ਦੋਵਾਂ ਏ. ਸੀਜ਼ ਦੀਆਂ ਪਾਈਪਾਂ ਚੋਰੀ ਕੀਤੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਉਹ ਛੁੱਟੀਆਂ ਦੌਰਾਨ ਵੀ ਸਕੂਲ ਗੇੜਾ ਮਾਰਦੇ ਸਨ ਅਤੇ 20 ਜੂਨ ਤੱਕ ਸਭ ਠੀਕ ਸੀ। ਚੋਰੀ ਦੀ ਘਟਨਾ 20 ਤੋਂ 30 ਜੂਨ ਵਿਚਕਾਰ ਹੋਈ ਜਾਪਦੀ ਹੈ। ਇਸ ਮੌਕੇ ਸਕੂਲ ਸਟਾਫ ਮੈਂਬਰਾਂ ਅੰਜੂ ਬਾਲਾ, ਹਰਜੀਤ ਕੌਰ, ਕਮਲਪ੍ਰੀਤ ਕੌਰ ਅਤੇ ਹਰਵਿੰਦਰ ਸਿੰਘ ਟੋਡਰਵਾਲ ਨੇ ਦੱਸਿਆ ਕਿ ਸਕੂਲ ਵਿੱਚ ਪਿਛਲੇ ਸਾਲ ਤਿੰਨ ਏ. ਸੀ. ਲਾਉਣ ਦੀ ਸੇਵਾ ਸੀ.ਐੱਚ.ਟੀ. ਰਾਮ ਸਿੰਘ ਵੱਲੋਂ ਕੀਤੀ ਗਈ ਸੀ ਜਿਸ ਦੀ ਮਾਪਿਆਂ ਨੇ ਖੂਬ ਪ੍ਰਸੰਸਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਏਸੀ ਚੋਰੀ ਹੋਣ ਨਾਲ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਤਰੁੰਤ ਚੋਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਸਟਾਫ ਮੈਂਬਰਾਂ ਨੇ ਦੱਸਿਆ ਕਿ ਚੋਰੀ ਦੀ ਘਟਨਾ ਸੰਬ...

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ

ਮਹਾਨ ਸ਼ਹੀਦ ਪੂਰਨ ਬ੍ਰਹਮ ਗਿਆਨੀ ਪਰਉਪਕਾਰੀ ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ 15 ਅਗਸਤ ਨੂੰ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਵਿਸ਼ਾਲ ਇਕੱਤਰਤਾ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਮੁੱਚੇ ਇਲਾਕੇ ਦੀਆਂ ਵੱਡੀ ਗਿਣਤੀ ਵਿੱਚਸੰਗਤਾਂ ਨੇ ਭਾਗ ਲਿਆ ਅਤੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਨੇ ਦੱਸਿਆ ਕਿ 13 ਅਗਸਤ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਮੇਤ ਜਪੁਜੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣਗੇ ਅਤੇ 15 ਅਗਸਤ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਉਪਰੰਤ ਸੁੰਦਰ ਦੀਵਾਨ ਸਜਾਏ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਅਤੇ ਹੋਰ ਸ਼ਖਸ਼ੀਅਤਾਂ ਸ਼ਿਰਕਤ ਕਰਨਗੀਆਂ। ਜਨਮ ਦਿਹਾੜੇ ਸਬੰਧੀ ਸਜਾਏ ਜਾ ਰਹੇ ਸੁੰਦਰ ਦੀਵਾਨ ਸਮਾਗਮ ਦੌਰਾਨ ਭਾਈ ਕੁਲਵੰਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ,ਭਾਈ ਗਗਨਦੀਪ ਸਿੰਘ ਕਥਾਵਾਚਕ ਪਟਨਾ ਸਾਹਿਬ, ਕਵੀ...