Skip to main content

Today’s Hukamnama from Gurdwara Sri Ber Sahib Ji Sultanpur Lodhi

Thursday, 30th July 2026 (15 Saawan, Samvat 558 Nanakshahi)


ਸਲੋਕੁ ਮਃ ੩ ॥ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ {ਪੰਨਾ 643}

ਪਦਅਰਥ: ਜਿਨਿ = ਜਿਸ (ਮਾਇਆ ਦੀ ਅਪਣੱਤ) ਨੇ।

{ਨੋਟ: 'ਮਾਇਆ' ਤੇ 'ਮਮਤਾ' ਦੋ ਵੱਖੋ ਵੱਖ ਚੀਜ਼ਾਂ ਨਹੀਂ ਲੈਣੀਆਂ; ਲਫ਼ਜ਼ 'ਜਿਨਿ' (=ਜਿਸ ਨੇ) 'ਇਕ-ਵਚਨ' ਹੈ।

ਅਰਥ: ਮਾਇਆ ਦੀ ਅਪਣੱਤ (ਭਾਵ, ਇਹ ਖ਼ਿਆਲ ਕਿ ਏਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ,) ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ, ਸਮੂਲਚਾ ਹੀ ਨਿਗਲ ਲਿਆ ਹੈ) , ਮਨਮੁਖ (ਇਸ 'ਮਮਤਾ' ਵਿਚ) ਗ੍ਰਸੇ ਗਏ ਹਨ, ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ।

ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ {ਪੰਨਾ 643}

ਅਰਥ: ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ, ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ।

ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥ {ਪੰਨਾ 644}

ਅਰਥ: (ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ।੧।

ਮਃ ੩ ॥ ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ {ਪੰਨਾ 644}

ਅਰਥ: (ਨਾਮ-ਰੂਪ) ਅੰਮ੍ਰਿਤ (ਹਰੇਕ ਜੀਵ ਦੇ ਹਿਰਦੇ-ਰੂਪ) ਘਰ ਵਿਚ ਹੀ ਭਰਿਆ ਹੋਇਆ ਹੈ, (ਪਰ) ਮਨਮੁਖਾਂ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ। ਜਿਵੇਂ ਹਰਨ (ਆਪਣੀ ਨਾਭੀ ਵਿਚ) ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿਚ ਭੁਲਾਇਆ ਹੋਇਆ ਭਟਕਦਾ ਹੈ, ਤਿਵੇਂ ਮਨਮੁਖ ਨਾਮ-ਅੰਮ੍ਰਿਤ ਨੂੰ ਛੱਡ ਕੇ ਵਿਹੁ ਨੂੰ ਇਕੱਠਾ ਕਰਦਾ ਹੈ, (ਪਰ ਉਸ ਦੇ ਭੀ ਕੀਹ ਵੱਸ?) ਕਰਤਾਰ ਨੇ (ਉਸ ਦੇ ਪਿਛਲੇ ਕੀਤੇ ਅਨੁਸਾਰ) ਉਸ ਨੂੰ ਆਪ ਖੁੰਝਾਇਆ ਹੋਇਆ ਹੈ।

ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ {ਪੰਨਾ 644}

ਅਰਥ: ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੂੰ ਹਿਰਦੇ ਵਿਚ ਹੀ (ਪਰਮਾਤਮਾ ਦਿੱਸ ਪੈਂਦਾ ਹੈ; ਉਹਨਾਂ ਦਾ ਮਨ ਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਤੇ ਜੀਭ ਨਾਲ (ਜਪ ਕੇ) ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ।

ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ {ਪੰਨਾ 644}

ਅਰਥ: ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ (ਦਾ ਅੰਗੂਰ ਹਿਰਦੇ ਵਿਚ) ਉੱਗਦਾ ਹੈ ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈ; ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।

ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ {ਪੰਨਾ 644}

ਅਰਥ: ਹੇ ਨਾਨਕ! ਗੁਰੂ ਦਾ ਇਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ।੨।

ਪਉੜੀ ॥ ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ {ਪੰਨਾ 644}

ਅਰਥ: ਹੇ ਭਾਈ! ਦੱਸ ਉਹ ਹਰੀ, ਜੋ ਅਗੰਮ ਪੁਰਖ ਹੈ, ਕਿਸ ਤਰ੍ਹਾਂ ਮਿਲ ਸਕਦਾ ਹੈ? ਉਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿੱਸਦਾ ਭੀ ਨਹੀਂ, ਉਸ ਨੂੰ ਕਿਵੇਂ ਸਿਮਰੀਏ? ਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੋ, ਕੀਹ ਆਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰੀਏ?

ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥ ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥ {ਪੰਨਾ 644}

ਪਦਅਰਥ: ਮਾਰਗਿ = ਰਸਤੇ ਤੇ। ਗੁਰ ਸੇਵਾ = ਗੁਰੂ ਦੀ ਦੱਸੀ ਕਾਰ।

ਅਰਥ: ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦੇਂਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ; ਪੂਰੇ ਗੁਰੂ ਨੇ ਹੀ ਉਸ ਦਾ ਦੀਦਾਰ ਕਰਾਇਆ ਹੈ, ਗੁਰੂ ਦੀ ਦੱਸੀ ਕਾਰ ਕੀਤਿਆਂ ਹੀ ਉਹ ਮਿਲਦਾ ਹੈ।੪।


Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ 182ਵੇਂ ਸ਼ਹੀਦੀ ਜੋੜ ਮੇਲੇ 'ਸਤਾਈਆਂ' ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈੱਡ ਚੌਂਕ ਕਪੂਰਥਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਹੱਲਾ ਸੰਤਪੁਰਾ ਤੋਂ ਪ੍ਰਾਰੰਭ ਹੋ ਕੇ ਪਿੰਡ ਭਗਤਪੁਰ, ਭਗਵਾਨਪੁਰ, ਝੁੱਗੀਆਂ ਗੁਲਾਮ, ਮਜਾਦਪੁਰ, ਕੁੱਲੀਆਂ, ਰੱਤਾ ਨੌ ਅਬਾਦ, ਕੋਲੀਆਂਵਾਲ, ਅੱਡਾ ਸਾਬੂਵਾਲ, ਦਰੀਏਵਾਲ, ਟੋਡਰਵਾਲ, ਨਵਾਂ ਠੱਟਾ, ਪੁਰਾਣਾ ਠੱਟਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚਿਆ। ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚਣ ’ਤੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਨਿੱਘਾ ਸਵਾਗਤ ਕੀਤਾ ਗਿਆ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਨਗਰ ਕੀਰਤਨ ਦੇ ਸਮਾਪਤੀ ਦੀ ਅਰਦਾਸ ਹੋਈ। ਇਸ ਮੌਕੇ ਪੰਜ ਪਿਆਰੇ ਸਾਹਿਬਾਨ ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਦਾ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਵੱਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਨਗਰ ਕੀਰਤਨ ਦੀ ਆਰੰਭਤਾ ਤੋਂ ਲੈ ਕੇ ਸਮਾਪਤੀ ਤੱਕ ਦੇ ਸਫਰ ਦੌਰਾਨ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ ਤੇ ਨਗਰ ਕੀਰਤਨ ਦੀਆਂ ਸ...

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਤੋਂ ਏ. ਸੀ., ਏ. ਸੀ. ਦੀਆਂ ਪਾਈਪਾਂ ਅਤੇ ਸੈਨੇਟਰੀ ਦਾ ਸਾਮਾਨ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ।  ਜਾਣਕਾਰੀ ਦਿੰਦਿਆਂ ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਦੇ ਸੀ.ਐੱਚ.ਟੀ. ਰਾਮ ਸਿੰਘ ਨੇ ਦੱਸਿਆ ਕਿ ਛੁੱਟੀਆਂ ਤੋਂ ਬਾਅਦ ਅੱਜ ਜਦੋਂ ਸਕੂਲ ਖੁੱਲ੍ਹੇ ਤਾਂ ਤਿੰਨ ਕਮਰਿਆਂ ਵਿੱਚ ਲੱਗੇ ਏ.ਸੀ. ਚਲਾਏ ਤਾਂ ਕਮਰੇ ਠੰਢੇ ਨਾ ਹੋਣ ਤੇ ਜਦੋਂ ਉਨ੍ਹਾਂ ਨੂੰ ਸ਼ੱਕ ਪਿਆ ਤਾਂ ਕਮਰਿਆਂ ਦੀਆਂ ਛੱਤਾਂ ’ਤੇ ਜਾ ਕੇ ਦੇਖਿਆ। ਉੱਥੇ ਇੱਕ ਏ.ਸੀ.ਦਾ ਆਊਟ ਡੋਰ ਯੂਨਿਟ ਗ਼ਾਇਬ ਸੀ ਅਤੇ ਦੂਜੇ ਦੋਵਾਂ ਏ. ਸੀਜ਼ ਦੀਆਂ ਪਾਈਪਾਂ ਚੋਰੀ ਕੀਤੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਉਹ ਛੁੱਟੀਆਂ ਦੌਰਾਨ ਵੀ ਸਕੂਲ ਗੇੜਾ ਮਾਰਦੇ ਸਨ ਅਤੇ 20 ਜੂਨ ਤੱਕ ਸਭ ਠੀਕ ਸੀ। ਚੋਰੀ ਦੀ ਘਟਨਾ 20 ਤੋਂ 30 ਜੂਨ ਵਿਚਕਾਰ ਹੋਈ ਜਾਪਦੀ ਹੈ। ਇਸ ਮੌਕੇ ਸਕੂਲ ਸਟਾਫ ਮੈਂਬਰਾਂ ਅੰਜੂ ਬਾਲਾ, ਹਰਜੀਤ ਕੌਰ, ਕਮਲਪ੍ਰੀਤ ਕੌਰ ਅਤੇ ਹਰਵਿੰਦਰ ਸਿੰਘ ਟੋਡਰਵਾਲ ਨੇ ਦੱਸਿਆ ਕਿ ਸਕੂਲ ਵਿੱਚ ਪਿਛਲੇ ਸਾਲ ਤਿੰਨ ਏ. ਸੀ. ਲਾਉਣ ਦੀ ਸੇਵਾ ਸੀ.ਐੱਚ.ਟੀ. ਰਾਮ ਸਿੰਘ ਵੱਲੋਂ ਕੀਤੀ ਗਈ ਸੀ ਜਿਸ ਦੀ ਮਾਪਿਆਂ ਨੇ ਖੂਬ ਪ੍ਰਸੰਸਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਏਸੀ ਚੋਰੀ ਹੋਣ ਨਾਲ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਤਰੁੰਤ ਚੋਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਸਟਾਫ ਮੈਂਬਰਾਂ ਨੇ ਦੱਸਿਆ ਕਿ ਚੋਰੀ ਦੀ ਘਟਨਾ ਸੰਬ...

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ

ਮਹਾਨ ਸ਼ਹੀਦ ਪੂਰਨ ਬ੍ਰਹਮ ਗਿਆਨੀ ਪਰਉਪਕਾਰੀ ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ 15 ਅਗਸਤ ਨੂੰ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਵਿਸ਼ਾਲ ਇਕੱਤਰਤਾ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਮੁੱਚੇ ਇਲਾਕੇ ਦੀਆਂ ਵੱਡੀ ਗਿਣਤੀ ਵਿੱਚਸੰਗਤਾਂ ਨੇ ਭਾਗ ਲਿਆ ਅਤੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਨੇ ਦੱਸਿਆ ਕਿ 13 ਅਗਸਤ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਮੇਤ ਜਪੁਜੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣਗੇ ਅਤੇ 15 ਅਗਸਤ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਉਪਰੰਤ ਸੁੰਦਰ ਦੀਵਾਨ ਸਜਾਏ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਅਤੇ ਹੋਰ ਸ਼ਖਸ਼ੀਅਤਾਂ ਸ਼ਿਰਕਤ ਕਰਨਗੀਆਂ। ਜਨਮ ਦਿਹਾੜੇ ਸਬੰਧੀ ਸਜਾਏ ਜਾ ਰਹੇ ਸੁੰਦਰ ਦੀਵਾਨ ਸਮਾਗਮ ਦੌਰਾਨ ਭਾਈ ਕੁਲਵੰਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ,ਭਾਈ ਗਗਨਦੀਪ ਸਿੰਘ ਕਥਾਵਾਚਕ ਪਟਨਾ ਸਾਹਿਬ, ਕਵੀ...