Today’s Hukamnama from Gurdwara Sri Ber Sahib Ji Sultanpur Lodhi



ਬੁੱਧਵਾਰ 4 ਜੂਨ 2025 (22 ਜੇਠ ਸੰਮਤ 557 ਨਾਨਕਸ਼ਾਹੀ)

ਸੂਹੀ ਮਹਲਾ ੪ ॥ ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥ ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥ ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ ॥ ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥ ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਙੁ ॥ ਹਰਿ ਪ੍ਰਭੁ ਚਿਤਿ ਨ ਆਇਓ ਮਨਿ ਦੂਜਾ ਭਾਉ ਸਹਲੰਙੁ ॥੨॥ ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ ॥ ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ ॥੩॥ ਹਰਿ ਦੀਨਾ ਦੀਨ ਦਇਆਲ ਪ੍ਰਭੁ ਸਤਸੰਗਤਿ ਮੇਲਹੁ ਸੰਙੁ ॥ ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਙੁ ॥੪॥੩॥ {ਪੰਨਾ 731-732}

ਪਦਅਰਥ: ਰੰਙੁ = ਰੰਗ, ਪਿਆਰ। ਮਜੀਠੈ ਰੰਙੁ = ਮਜੀਠ ਦਾ ਰੰਗ, ਪੱਕਾ ਰੰਗ। ਗੁਰਿ ਤੁਠੈ = ਜੇ ਗੁਰੂ ਤ੍ਰੁੱਠ ਪਏ। ਬਹੁੜਿ = ਮੁੜ। ਹੋਵੀ = ਹੁੰਦਾ। ਭੰਙੁ = ਭੰਗ, ਤੋਟ, ਨਾਸ।੧।

ਮਨ = ਹੇ ਮਨ! ਨਾਮਿ = ਨਾਮ ਵਿਚ। ਰੰਙੁ = ਪ੍ਰੇਮ। ਭੇਟਿਆ = ਮਿਲਿਆ। ਹਰਿ ਰਾਉ = ਪ੍ਰਭੂ ਪਾਤਿਸ਼ਾਹ। ਨਿਸੰਙੁ = ਸੰਗ ਲਾਹ ਕੇ, ਝਾਕਾ ਲਾਹ ਕੇ, ਜ਼ਰੂਰ।੧।ਰਹਾਉ।

ਮੁੰਧ = ਜੀਵ = ਇਸਤ੍ਰੀ। ਮਨਮੁਖੀ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਅੰਙੁ = ਸਾਥ। ਚਿਤਿ = ਚਿੱਤ ਵਿਚ। ਮਨਿ = ਮਨ ਵਿਚ। ਦੂਜਾ ਭਾਉ = ਮਾਇਆ ਦਾ ਪਿਆਰ। ਸਹਲੰਙੁ = {सह लग्न} ਸਾਥੀ।੨।

ਦੁਹ ਚਾਰੀਆ = ਮੰਦ = ਕਰਮੀ। ਅੰਗੀ = ਹੇ ਅੰਗੀ! ਹੇ ਅੰਗ = ਪਾਲ! ਅੰਙੁ = ਅੰਗ, ਪੱਖ। ਗੁਰਿ = ਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਸਰਿ = ਸਰ ਵਿਚ, ਤਾਲਾਬ ਵਿਚ। ਅੰਮ੍ਰਿਤ ਸਰਿ = ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਦੇ ਸਰੋਵਰ ਵਿਚ। ਨਵਲਾਇਆ = ਇਸ਼ਨਾਨ ਕਰਾ ਦਿੱਤਾ। ਕਿਲਵਿਖ = ਪਾਪ। ਪੰਙੁ = ਪੰਕੁ, ਚਿੱਕੜ।੩।

ਦੀਨਾ ਦੀਨ = ਕੰਗਾਲਾਂ ਤੋਂ ਕੰਗਾਲ। ਪ੍ਰਭੁ = ਹੇ ਪ੍ਰਭੂ! ਸੰਙੁ = ਸਾਥ। ਮਿਲਿ = ਮਿਲ ਕੇ।੪।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਪਿਆਰ ਜੋੜ। ਜੇ (ਕਿਸੇ ਮਨੁੱਖ ਉਤੇ) ਗੁਰੂ ਮੇਹਰਬਾਨ ਹੋ ਕੇ, ਉਸ ਨੂੰ ਹਰਿ-ਨਾਮ ਸਿਮਰਨ ਦਾ ਉਪਦੇਸ਼ ਦੇਵੇ, ਤਾਂ ਉਸ ਮਨੁੱਖ ਨੂੰ ਪ੍ਰਭੂ-ਪਾਤਿਸ਼ਾਹ ਜ਼ਰੂਰ ਮਿਲ ਪੈਂਦਾ ਹੈ।੧।ਰਹਾਉ।

ਹੇ ਭਾਈ! ਹਰਿ-ਨਾਮ ਦਾ ਸਿਮਰਨ (ਮਨੁੱਖ ਦੇ ਮਨ ਵਿਚ) ਹਰੀ ਦਾ ਪਿਆਰ ਪੈਦਾ ਕਰਦਾ ਹੈ, ਤੇ, ਇਹ ਹਰੀ-ਨਾਲ-ਪਿਆਰ ਮਜੀਠ ਦੇ ਰੰਗ ਵਰਗਾ ਪੱਕਾ ਪਿਆਰ ਹੁੰਦਾ ਹੈ। ਜੇ (ਕਿਸੇ ਮਨੁੱਖ ਉਤੇ) ਗੁਰੂ ਤੱ੍ਰੁਠ ਕੇ ਉਸ ਨੂੰ ਹਰਿ-ਨਾਮ ਦਾ ਰੰਗ ਚਾੜ੍ਹ ਦੇਵੇ ਤਾਂ ਮੁੜ ਉਸ ਰੰਗ (ਪਿਆਰ) ਦਾ ਕਦੇ ਨਾਸ ਨਹੀਂ ਹੁੰਦਾ।੧।

ਹੇ ਭਾਈ! ਜੇਹੜੀ ਅੰਞਾਣ ਜੀਵ-ਇਸਤ੍ਰੀ (ਗੁਰੂ ਦਾ ਆਸਰਾ ਛੱਡ ਕੇ) ਆਪਣੇ ਹੀ ਮਨ ਦੇ ਪਿੱਛੇ ਤੁਰਦੀ ਹੈ, ਉਸ ਦਾ ਜਨਮ ਮਰਨ ਦੇ ਗੇੜ ਨਾਲ ਸਾਥ ਬਣਿਆ ਰਹਿੰਦਾ ਹੈ। ਉਸ (ਜੀਵ-ਇਸਤ੍ਰੀ) ਦੇ ਚਿੱਤ ਵਿਚ ਹਰੀ-ਪ੍ਰਭੂ ਨਹੀਂ ਵੱਸਦਾ, ਉਸ ਦੇ ਮਨ ਵਿਚ ਮਾਇਆ ਦਾ ਮੋਹ ਹੀ ਸਾਥੀ ਬਣਿਆ ਰਹਿੰਦਾ ਹੈ।੨।

ਹੇ ਹਰੀ! ਅਸੀ ਜੀਵ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਾਂ, ਅਸੀ ਮੰਦ-ਕਰਮੀ ਹਾਂ। ਹੇ ਅੰਗ ਪਾਲਣ ਵਾਲੇ ਪ੍ਰਭੂ! ਸਾਡੀ ਰੱਖਿਆ ਕਰ, ਸਾਡੀ ਸਹਾਇਤਾ ਕਰ। ਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਾ ਦਿੱਤਾ, (ਉਸ ਦੇ ਅੰਦਰੋਂ) ਸਾਰੇ ਪਾਪ ਲਹਿ ਜਾਂਦੇ ਹਨ, ਪਾਪਾਂ ਦਾ ਚਿੱਕੜ ਧੁਪ ਜਾਂਦਾ ਹੈ।੩।

ਹੇ ਅੱਤ ਕੰਗਾਲਾਂ ਉਤੇ ਦਇਆ ਕਰਨ ਵਾਲੇ ਹਰੀ-ਪ੍ਰਭੂ! ਮੈਨੂੰ ਸਾਧ ਸੰਗਤਿ ਦਾ ਸਾਥ ਮਿਲਾ। ਹੇ ਦਾਸ ਨਾਨਕ! ਆਖ-) ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਪ੍ਰੇਮ ਪ੍ਰਾਪਤ ਕਰ ਲਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੇਮ (ਸਦਾ ਟਿਕਿਆ ਰਹਿੰਦਾ ਹੈ) ।੪।੩।

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ