ਆਓ ਨਗਰ ਕੀਰਤਨ ਦੇ ਦਰਸ਼ਨ ਕਰੀਏ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਪ੍ਰੇਰਨਾ ਸਦਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਗੁਰੂ ਚਰਨਾ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਰਵਾਨਾ ਕੀਤਾ। ਨਗਰ ਕੀਰਤਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਠੱਟਾ ਪੁਰਾਣਾ, ਠੱਟਾ ਨਵਾਂ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂਭਾਟੀਆ, ਦੰਦੂਪੁਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚਿਆ। ਸੰਗਤਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਜਿਸ ਨੂੰ ਬਹੁਤ ਸੁੰਦਰ ਸਜਾਇਆ ਗਿਆ ਸੀ, ਦਾ ਥਾਂ-ਥਾਂ ‘ਤੇ ਰੁਮਾਲਿਆਂ ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਨਗਰ ਕੀਰਤਨ ਵਿਚ ਸ਼ਾਮਿਲ ਵੱਡੀ ਗਿਣਤੀ ‘ਚ ਸੰਗਤਾਂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਅਤੇ ਕੀਰਤਨੀ ਜਥਿਆਂ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਰਸਤੇ ਵਿਚ ਸੰਗਤਾਂ ਵਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ‘ਤੇ ਫੁੱਲਾ ਦੀ ਵਰਖਾ ਕੀਤੀ। ਨਗਰ ਕੀਰਤਨ ਦੇ ਵੱਖ ਵੱਖ ਪਿੰਡਾਂ ਵਿੱਚ ਪਹੁੰਚਣ ‘ਤੇ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਚਾਹ ਪਕੌੜਿਆਂ ਅਤੇ ਫਲਾਂ ਦੇ ਲੰਗਰ ਲਗਾਏ ਗਏ। ਛੋਟੇ-ਛੋਟੇ ਬੱਚਿਆਂ ਵੱਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ। ਨਗਰ ਕੀਰਤਨ ਦੇ ਸਵਾਗਤ ਲਈ ਨੌਜਵਾਨਾਂ ਵੱਲੋਂ ਪਿੰਡ ਦੇ ਆਲੇ ਦੁਆਲੇ ਤੇ ਗਲੀਆਂ ਬਜ਼ਾਰਾਂ ਦੀ ਸਫਾਈ ਅਤੇ ਸਜਾਵਟ ਵੀ ਕੀਤੀ ਗਈ। ਨਗਰ ਕੀਰਤਨ ਦੀਆਂ ਤਸਵੀਰਾਂ ਦੇਖਣ ਲਈ ਵੈਬਸਾਈਟ ਦੇ ਗੈਲਰੀ-ਤਸਵੀਰਾਂ-ਸਮਾਗਮ-ਨਗਰ ਕੀਰਤਨ ਦਮਦਮਾ ਸਾਹਿਬ ਪੰਨੇ ‘ਤੇ ਕਲਿੱਕ ਕਰੋ ਜਾਂ ਸਿੱਧੇ ਜਾਣ ਲਈ ਹੇਠਾਂ ਲਿੰਕ ‘ਤੇ ਕਲਿੱਕ ਕਰੋ ਜੀ:

https://wp.me/P3Q4l3-7vk

Previous Post Next Post