Today’s Hukamnama from Gurdwara Sri Ber Sahib Ji Sultanpur Lodhi

Thursday, 20th August 2026 (4 Bhaadon, Samvat 558 Nanakshahi)


ਧਨਾਸਰੀ ਮਹਲਾ ੫ ॥ ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ ਠਾਕੁਰੁ ਗਾਈਐ ਆਤਮ ਰੰਗਿ ॥ ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥ ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥ ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥ {ਪੰਨਾ 679-680}

ਪਦਅਰਥ: ਜਾ ਕਉ = ਜਿਸ (ਮਨੁੱਖ) ਨੂੰ। ਰੰਗੁ = ਪ੍ਰੇਮ। ਇਸੁ ਜੁਗ ਮਹਿ = ਇਸ ਜਗਤ ਵਿਚ। ਸੂਰਾ = ਸੂਰਮਾ। ਆਤਮੁ = ਆਪਣੇ ਆਪ ਨੂੰ, ਆਪਣੇ ਮਨ ਨੂੰ। ਜਿਣੈ = ਜਿੱਤ ਲੈਂਦਾ ਹੈ। ਵਸਿ = ਵੱਸ ਵਿਚ। ਤਾ ਕੈ ਵਸਿ = ਉਸ ਦੇ ਵੱਸ ਵਿਚ।੧।

ਆਤਮ ਰੰਗਿ = ਦਿਲੀ ਪਿਆਰ ਨਾਲ। ਗਾਈਐ = ਗਾਣਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੰਗਿ = ਨਾਲ।੧।ਰਹਾਉ।

ਵਸਹਿ = ਵੱਸ ਪੈਣ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਪੁਨੀਤਾ = ਪਵਿਤ੍ਰ। ਦੇਹੀ = ਸਰੀਰ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਕੈ = ਨਾਨਕ ਦੇ ਹਿਰਦੇ ਵਿਚ।੨।

ਅਰਥ: ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ।੧।ਰਹਾਉ।

ਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ। ਪੂਰਾ ਗੁਰੂ ਜਿਸ ਮਨੁੱਖ ਦਾ (ਮਦਦਗਾਰ ਬਣ ਜਾਂਦਾ) ਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ (ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ) ੧।

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ। (ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ।੨।੪।੩੫।


Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ