Today’s Hukamnama from Gurdwara Sri Ber Sahib Ji Sultanpur Lodhi

ਐਤਵਾਰ 1 ਮਾਰਚ 2026 (18 ਫੱਗਣ ਸੰਮਤ 557 ਨਾਨਕਸ਼ਾਹੀ)



ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ ਵਿਚਿ ਮਨ ਕੋਟਵਰੀਆ ॥ ਨਿਜ ਮੰਦਰਿ ਪਿਰੀਆ ॥ ਤਹਾ ਆਨਦ ਕਰੀਆ ॥ ਨਹ ਮਰੀਆ ਨਹ ਜਰੀਆ ॥੧॥ ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ ਬਿਖਨਾ ਘਿਰੀਆ ॥ ਅਬ ਸਾਧੂ ਸੰਗਿ ਪਰੀਆ ॥ ਹਰਿ ਦੁਆਰੈ ਖਰੀਆ ॥ ਦਰਸਨੁ ਕਰੀਆ ॥ ਨਾਨਕ ਗੁਰ ਮਿਰੀਆ ॥ ਬਹੁਰਿ ਨ ਫਿਰੀਆ ॥੨॥੧॥੪੪॥ {ਪੰਨਾ 746}

ਪਦਅਰਥ: ਪ੍ਰੀਤਿ ਪ੍ਰੀਤਿ = ਪ੍ਰੀਤਾਂ ਵਿਚੋਂ ਪ੍ਰੀਤਿ। ਗੁਰੀਆ = ਵੱਡੀ। ਮਨ = ਹੇ ਮਨ! ਲੇਖੈ = ਲੇਖੇ ਵਿਚ, ਪਰਵਾਨ। ਅਵਰੁ = ਕੋਈ ਹੋਰ (ਉੱਤਮ) । ਮਨਹਿ = ਮਨ ਵਿਚੋਂ। ਦੁਬਿਧਾ = ਡਾਂਵਾਂ = ਡੋਲ ਹਾਲਤ। ਕੁਰੀਆ = ਪਗਡੰਡੀ, ਰਸਤਾ।੧।ਰਹਾਉ।

ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। ਹਰੀਆ = ਪਰਮਾਤਮਾ। ਸਰਗੁਨ ਧਰੀਆ = ਮਾਇਆ ਦੇ ਤਿੰਨ ਗੁਣਾਂ ਵਾਲਾ ਸਰੂਪ ਧਾਰਿਆ। ਭਿੰਨ = ਵੱਖ। ਕੋਟਵਰੀਆ = ਕੋਤਵਾਲ। ਨਿਜ ਮੰਦਰਿ = ਆਪਣੇ ਮੰਦਰ ਵਿਚ। ਜਰੀਆ = ਬੁਢੇਪਾ।੧।

ਕਿਰਤਨਿ = ਇਸ ਕੀਤੇ ਹੋਏ ਜਗਤ ਵਿਚ, ਰਚੇ ਹੋਏ ਸੰਸਾਰ (ਦੇ ਮੋਹ) ਵਿਚ। ਜੁਰੀਆ = ਜੁੜਿਆ ਹੋਇਆ। ਪਰ ਕਉ = ਪਰਾਏ (ਧਨ) ਨੂੰ। ਹਿਰੀਆ = ਤੱਕਦਾ ਹੈ। ਬਿਖਨਾ = ਵਿਸ਼ਿਆਂ ਨਾਲ। ਸੰਗਿ = ਸੰਗਤਿ ਵਿਚ। ਪਰੀਆ = ਆ ਪਿਆ ਹੈ। ਦੁਆਰੈ = ਦਰ ਤੇ। ਗੁਰ ਮਿਰੀਆ = ਗੁਰੂ ਨੂੰ ਮਿਲਿਆ। ਬਹੁਰਿ = ਮੁੜ।੨।

ਅਰਥ: ਹੇ ਭਾਈ! ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤਿ ਮਨ ਨੂੰ ਮੋਹਣ ਵਾਲੇ ਲਾਲ-ਪ੍ਰਭੂ ਦੀ ਹੈ। ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ।੧।ਰਹਾਉ।

ਹੇ ਭਾਈ! ਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ। (ਹਰੇਕ ਸਰੀਰ-ਕੋਠੜੀ) ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ। ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ, ਅਤੇ ਉੱਥੇ ਆਨੰਦ ਮਾਣਦਾ ਹੈ। ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ।੧।

ਹੇ ਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾ ਫਿਰਦਾ ਹੈ, ਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ।

ਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ, ਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ, (ਪ੍ਰਭੂ ਦਾ) ਦਰਸਨ ਕਰਦਾ ਹੈ। ਹੇ ਨਾਨਕ! ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ, ਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ।੨।੧।੪੪।
Previous Post Next Post