ਸੋਮਵਾਰ 1 ਅਗਸਤ 2016 (17 ਸਾਵਣ ਸੰਮਤ 548 ਨਾਨਕਸ਼ਾਹੀ)

 


ਸੋਮਵਾਰ 1 ਅਗਸਤ 2016 (17 ਸਾਵਣ ਸੰਮਤ 548 ਨਾਨਕਸ਼ਾਹੀ)

ਟੋਡੀ ਮਹਲਾ ੫ ॥ ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥ ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥ {ਅੰਗ 714}ਅਰਥ: ਹੇ ਭਾਈ! ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ। (ਜਿਸ ਨਿੰਦਕ ਉਤੇ) ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣਸਰੂਪ ਹਰਿ ਦੇ ਨਾਮਤੀਰ ਨਾਲ (ਗੁਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ)੧।ਰਹਾਉ। (ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪ੍ਰਭੂ ਦਇਆਵਾਨ ਹੁੰਦੇ ਹਨ) ਉਸ ਮਨੁੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ (ਕੋਈ ਭੀ) ਤੱਕ ਭੀ ਨਹੀਂ ਸਕਦਾ, (ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਸਦਾਥਿਰ ਹਰਿਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ। ਉਹ ਮਨੁੱਖ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮਧਨ ਖੱਟ ਲੈਂਦਾ ਹੈ। ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮੁੱਕਦਾ।੧। ਹੇ ਭਾਈ! (ਜਿਸ ਨਿੰਦਾਸੁਭਾਵ ਕਰ ਕੇ, ਜਿਸ ਆਪਾਭਾਵ ਕਰ ਕੇ, ਨਿੰਦਕ ਸਦਾ) ਦੁੱਖੀ ਹੁੰਦਾ ਰਹਿੰਦਾ ਸੀ, (ਪ੍ਰਭੂ ਦੇ ਦਇਆਲ ਹੋਇਆਂ, ਗੁਰੂ ਦੀ ਕਿਰਪਾ ਨਾਲ) ਇਕ ਛਿਨ ਵਿਚ ਹੀ ਉਸ ਸੁਭਾਵ ਦਾ ਨਾਮਨਿਸ਼ਾਨ ਹੀ ਮਿਟ ਜਾਂਦਾ ਹੈ।(ਇਸ ਅਸਚਰਜ ਤਬਦੀਲੀ ਨੂੰ) ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ। ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ।੨।੬।੧੧।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ