ਗੁਰਦੁਆਰਾ ਦਮਦਮਾ ਸਾਹਿਬ ਦੀ ਉਸਾਰੀ ਦਾ ਕਾਰਜ ਬਾਬਾ ਖੜਕ ਸਿੰਘ ਜੀ ਨੇ ਆਰੰਭ ਕਰਵਾਇਆ ਸੀ। ਬਾਬਾ ਖੜਕ ਸਿੰਘ ਜੀ ਦਾ ਜਨਮ 1913
ਬਿਕਰਮੀ ਮੁਤਾਬਿਕ 1856 ਈ. ਨੂੰ ਪਿੰਡ ਦੰਦੂਪੁਰ ਕਪੂਰਥਲਾ ਵਿੱਚ ਪਿਤਾ ਸ. ਤੇਗਾ ਸਿੰਘ ਤੇ ਮਾਤਾ ਦਇਆ ਕੌਰ ਦੇ ਗ੍ਰਹਿ ਵਿਖੇ ਹੋਇਆ। ਬਾਬਾ ਖੜਕ ਸਿੰਘ ਜੀ ਨੂੰ ਉਹਨਾਂ ਦੇ ਪਿਤਾ ਜੀ ਪਿੰਡ ਠੱਟਾ ਨਵਾਂ ਵਿਖੇ ਬਾਬਾ ਕਾਹਨ ਸਿੰਘ ਜੀ ਪਾਸ ਛੱਡ ਗਏ। ਇਸ ਉਪਰੰਤ ਬਾਬਾ ਖੜਕ ਸਿੰਘ ਜੀ ਗੁਰਦੁਆਰਾ ਠੱਟਾ ਨਵਾਂ ਦੇ ਮੁੱਖ ਸੇਵਾਦਾਰ ਬਣੇ। ਬਾਬਾ ਭਾਗ ਸਿੰਘ ਜੀ ਅਤੇ ਸੰਤ ਬਾਬਾ ਵਰਿਆਮ ਸਿੰਘ ਜੀ ਵੀ ਆਪ ਜੀ ਨਾਲ ਸੇਵਾ ਕਰਦੇ ਰਹੇ। ਬਾਬਾ ਖੜਕ ਸਿੰਘ ਜੀ ਨੇ ਹਜ਼ਾਰਾਂ ਸਿੱਖਾਂ ਨੂੰ ਅੰਮਿ੍ਤਪਾਨ ਕਰਵਾਇਆ। 1949 ਬਿਕਰਮੀ ਮੁਤਾਬਿਕ 1892 ਈ. ਵਿੱਚ ਬਾਬਾ ਖੜਕ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਪੱਕੀ ਇਮਾਰਤ ਬਣਾਉਣ ਦੀ ਯੋਜਨਾ ਬਣਾਈ। ਭਾਈ ਜਵਾਲਾ ਸਿੰਘ ਰਾਗੀ ਸਮੇਤ ਇਲਾਕੇ ਦੀ ਸੰਗਤ ਇਕੱਤਰ ਹੋਈ। ਸਮੂਹ ਸੰਗਤਾਂ ਨੇ ਤਨ ਮਨ ਧਨ ਨਾਲ ਹਿੱਸਾ ਪਾਉਣ ਦਾ ਪ੍ਰਣ ਕੀਤਾ। ਬਾਬਾ ਜੀ ਨੇ ਟਿੱਬੇ ਨਗਰ ਦੇ ਦੋ ਭਰਾਵਾਂ ਲੱਲੂ ਤੇ ਰੂੜੇ ਨੂੰ ਇੱਟਾਂ ਪਾਉਣ ਲਈ ਕਹਿ ਦਿੱਤਾ। ਤਿੰਨ ਲੱਖ ਇੱਟ ਤਿਆਰ ਹੋ ਗਈ। ਇਹਨਾਂ ਇੱਟਾਂ ਨਾਲ 1951 ਬਿਕਰਮੀ ਮੁਤਾਬਿਕ 1894 ਈ. ਨੂੰ ਖੂਹੀ, ਲੰਗਰ ਵਾਸਤੇ ਕੋਠੜੀ, ਪ੍ਰਕਾਸ਼ ਵਾਸਤੇ ਚੁਬਾਰਾ, ਸੰਗਤਾਂ ਲਈ ਦਲਾਨ ਤੇ ਖੇਤੀ ਦੀ ਸਿੰਚਾਈ ਕਰਨ ਵਾਲਾ ਖੂਹ ਲੱਗਾ। 1958 ਬਿਕਰਮੀ ਮੁਤਾਬਿਕ 1901 ਈ. ਨੂੰ ਦੂਸਰੇ ਭੱਠੇ ਦੀ ਤਿਆਰੀ ਕੀਤੀ ਗਈ। ਇਸ ਸਮੇਂ ਬਾਬਾ ਭਾਗ ਸਿੰਘ ਜੀ ਨੇ ਬਹੁਤ ਸੇਵਾ ਕੀਤੀ। ਬਾਬਾ ਖੜਕ ਸਿੰਘ ਜੀ ਨੇ ਲੱਲੂ ਅਤੇ ਰੂੜੇ ਨੂੰ ਇੱਟਾਂ ਪੱਥਣ ਲਈ ਕਹਿ ਦਿੱਤਾ। ਇਸ ਸਮੇਂ ਜੋ ਇੱਟਾਂ ਤਿਆਰ ਹੋਈਆਂ ਇਹਨਾਂ ਨਾਲ 1962 ਬਿਕਰਮੀ ਮੁਤਾਬਿਕ 1905 ਈ, ਨੂੰ ਗੁਰਦੁਆਰਾ ਦਮਦਮਾ ਸਾਹਿਬ ਦੀ ਇਮਾਰਤ ਤਿਆਰ ਹੋ ਗਈ। 1961 ਬਿਕਰਮੀ ਮੁਤਾਬਿਕ 1904 ਈ. ਵਿੱਚ ਬਾਬਾ ਜਗਤ ਸਿੰਘ ਜੀ ਤੇ ਦੋ ਮਹੀਨੇ ਪਿੱਛੋਂ ਬਾਬਾ ਹੀਰਾ ਸਿੰਘ ਜੀ ਇਸ ਅਸਥਾਨ ਤੇ ਆ ਗਏ। ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਈ ਜਾਣ ਲੱਗੀ। ਗੁਰੂ ਦਾ ਅਤੁੱਟ ਲੰਗਰ ਵਰਤਦਾ ਰਹਿੰਦਾ। ਬਾਬਾ ਖੜਕ ਸਿੰਘ ਨੇ ਏਥੇ ਅੰਬ, ਜਾਮਨੂੰ, ਨਿੰਬੂ, ਗਲਗਲਾਂ ਤੇ ਹੋਰ ਫਲਦਾਰ ਬੂਟੇ ਲਗਵਾ ਦਿੱਤੇ। ਇਸ ਅਸਥਾਨ ਤੇ ਪਹਿਲਾਂ ਸ਼ਹੀਦੀ ਜੋੜ ਮੇਲਾ 27 ਵਿਸਾਖ 1963 ਬਿਕਰਮੀ ਮੁਤਾਬਿਕ ਮਈ 1906 ਨੂੰ ਮਨਾਇਆ ਗਿਆ। ਇਸ ਸਮੇਂ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਸੈਂਕੜੇ ਸਾਧੂ ਸੰਤ ਆਇਆ ਕਰਦੇ ਸਨ। ਅਜਿਹੇ ਪਰਉਪਕਾਰੀ ਸੇਵਾ ਦੇ ਪੁੰਜ ਬਾਬਾ ਖੜਕ ਸਿੰਘ ਜੀ 29 ਵਿਸਾਖ 1983 ਬਿ. ਮੁਤਾਬਿਕ 1926 ਈ. ਨੂੰ ਸੱਚਖੰਡ ਜਾ ਬਿਰਾਜੇ। ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਸੰਤ ਬਾਬਾ ਜਗਤ ਸਿੰਘ ਜੀ ਨੇ 1926 ਈ. ਤੋਂ 1957 ਈ. ਤੱਕ ਸੇਵਾ ਕੀਤੀ। ਉਹਨਾਂ ਸੰਗਤਾਂ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਬਹੁਤ ਯਤਨ ਕੀਤੇ। 1957 ਈ. ਤੋਂ 17 ਅਕਤੂਬਰ 1994 ਈ. ਤੱਕ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਰਹੇ। ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ, ਹਜ਼ੂਰ ਸਾਹਿਬ, ਸੁਲਤਾਨਪੁਰ ਲੋਧੀ ਤੇ ਗੋਇੰਦਵਾਲ ਸਾਹਿਬ ਵਿਖੇ ਕਾਰ ਸੇਵਾ ਕਰਵਾਈ। 1994 ਈ. ਤੋਂ 2004 ਈਸਵੀ ਤੱਕ ਬਾਬਾ ਤਰਲੋਚਨ ਸਿੰਘ ਜੀ ਇਸ ਅਸਥਾਨ ਤੇ ਸੇਵਾ ਕਰਦੇ ਰਹੇ। ਹੁਣ ਸ੍ਰੂੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਹਨ। ਉਹਨਾਂ ਦੇ ਪਰਿਵਾਰ ਤੇ ਵੀ ਬਾਬਾ ਬੀਰ ਸਿੰਘ ਜੀ ਨੇ ਬੜੀ ਬਖਸ਼ਿਸ਼ ਕੀਤੀ ਸੀ। ਉਸ ਸਮੇਂ ਠੱਟੇ ਦੇ ਨੰਬਰਦਾਰ ਪ੍ਰਧਾਨ ਸਿੰਘ ਦੇ ਕੋਈ ਔਲਾਦ ਨਹੀਂ ਸੀ। ਠੱਟੇ ਦੀ ਪੰਚਾਇਤ ਨੇ ਬਾਬਾ ਬੀਰ ਸਿੰਘ ਜੀ ਨੂੰ ਬੇਨਤੀ ਕੀਤੀ, ਮਹਾਰਾਜ ਪ੍ਰਧਾਨ ਸਿੰਘ ਦੇ ਕੋਈ ਔਲਾਦ ਨਹੀਂ, ਬਖਸ਼ਿਸ਼ ਕਰੋ। ਬਾਬਾ ਜੀ ਘੋੜੇ ਤੇ ਜਾ ਰਹੇ ਸਨ, ਅੱਗੋਂ ਇੱਕ ਤਿੱਤਰ ਉੱਡਿਆ ਤੇ ਡਿੱਗ ਕੇ ਮਰ ਗਿਆ। ਬਾਬਾ ਜੀ ਨੇ ਕਿਹਾ ਕਿ ਪ੍ਰਧਾਨ ਸਿੰਹਾਂ ਤੇਰੇ ਘਰ ਪੁੱਤਰ ਪੈਦਾ ਹੋਵੇਗਾ ਪਰ ਜਵਾਨੀ ਵਿੱਚ ਚੱਲ ਵੱਸੇਗਾ। ਪ੍ਰਧਾਨ ਸਿੰਘ ਦੇ ਘਰ ਪੁੱਤਰ ਹਰੀ ਸਿੰਘ ਪੈਦਾ ਹੋਇਆ ਪਰ 24 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਿਆ। ਬਾਬਾ ਗੁਰਚਰਨ ਸਿੰਘ ਜੀ ਉਸੇ ਵੰਸ਼ ਵਿੱਚੋਂ ਹਨ।