Today’s Hukamnama from Gurdwara Sri Ber Sahib Ji Sultanpur Lodhi
Monday, 14th September 2026 (29 Bhaadon, Samvat 558 Nanakshahi)
ਸਲੋਕ ਮਃ ੫ ॥ ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥ {ਪੰਨਾ 520}
ਪਦਅਰਥ: ਪਟੋਲਾ = ਪੱਟ ਦਾ ਕੱਪੜਾ। ਪ੍ਰੇਮ ਪਟੋਲਾ = 'ਪ੍ਰੇਮ' ਦਾ ਰੇਸ਼ਮੀ ਕੱਪੜਾ। ਤੈ ਸਹਿ = ਤੂੰ ਖਸਮ ਨੇ। ਮੈਡਾ = ਮੇਰਾ। ਸਾਰ = ਕਦਰ।
ਅਰਥ: ਮੇਰੀ ਨਾਨਕ ਦੀ ਇੱਜ਼ਤ ਢਕ ਰੱਖਣ ਲਈ (ਹੇ ਪ੍ਰਭੂ!) ਤੈਂ ਖਸਮ ਨੇ ਮੈਨੂੰ ਆਪਣਾ 'ਪਿਆਰ'-ਰੂਪ ਰੇਸ਼ਮੀ ਕੱਪੜਾ ਦਿੱਤਾ ਹੈ, ਤੂੰ ਮੇਰਾ ਖਸਮ (ਮੇਰੇ ਦਿਲ ਦੀ) ਜਾਣਨ ਵਾਲਾ ਹੈਂ, ਮੈਂ ਤੇਰੀ ਕਦਰ ਨਹੀਂ ਜਾਤੀ।੧।
ਮਃ ੫ ॥ ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥ ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥ {ਪੰਨਾ 520}
ਪਦਅਰਥ: ਤੈਡੈ ਸਿਮਰਣਿ = ਤੇਰੇ ਸਿਮਰਨ ਨਾਲ। ਹਭੁ ਕਿਛੁ = ਸਭ ਕੁਝ, ਹਰੇਕ ਚੀਜ਼। ਕੋਈ ਬਿਖਮੁ = ਕੋਈ ਔਖ। ਜਿਸੁ = ਜਿਸ ਦੀ।
ਅਰਥ: (ਹੇ ਪ੍ਰਭੂ!) ਤੇਰੇ ਸਿਮਰਨ (ਦੀ ਬਰਕਤਿ) ਨਾਲ ਮੈਂ (ਮਾਨੋ) ਹਰੇਕ ਪਦਾਰਥ ਲੱਭ ਲਿਆ ਹੈ, (ਤੇ ਜ਼ਿੰਦਗੀ ਵਿਚ) ਕੋਈ ਔਖਿਆਈ ਨਹੀਂ ਵੇਖੀ। ਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ, (ਉਸ ਦੀ ਇੱਜ਼ਤ ਨੂੰ ਹੋਰ) ਕੋਈ ਨਹੀਂ ਮਿਟਾ ਸਕਦਾ।੨।
ਪਉੜੀ ॥ ਹੋਵੈ ਸੁਖੁ ਘਣਾ ਦਯਿ ਧਿਆਇਐ ॥ ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥ ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥ ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥ ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥ ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥ ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥ ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ ॥੮॥ {ਪੰਨਾ 520}
ਪਦਅਰਥ: ਦਯੁ = ਪਿਆਰਾ (ਪ੍ਰਭੂ। ਦਯਿ ਧਿਆਇਐ = {ਵਿਆਕਰਣ ਅਨੁਸਾਰ ਇਹ ਦੋਵੇਂ ਲਫ਼ਜ਼ 'ਅਧਿਕਰਣ ਕਾਰਕ' ਇਕ-ਵਚਨ, ਹਨ; 'ਵਾਕੰਸ਼' (Phrase) ਨੂੰ ਅੰਗਰੇਜ਼ੀ ਵਿਚ Locative Absolute ਆਖਦੇ ਹਨ, ਤੇ ਪੰਜਾਬੀ ਵਿਚ 'ਪੂਰਬ ਪੂਰਨ ਕਾਰਦੰਤਕ'} ਜੇ ਪਿਆਰਾ ਪ੍ਰਭੂ ਸਿਮਰਿਆ ਜਾਏ।
{ਨੋਟ: ਇਸ ਪਉੜੀ ਵਿਚ ਹੇਠ-ਲਿਖੇ ਸਾਰੇ 'ਵਾਕੰਸ਼' 'ਪੂਰਬ ਪੂਰਨ ਕਾਰਦੰਤਕ' ਵਿਚ ਹੀ ਹਨ: ਗੁਣ ਗਾਇਐ, ਪ੍ਰਭਿ ਆਇਐ ਨਾਇ ਵਸਾਇਐ, ਆਪੁ ਗਵਾਇਐ, ਗੁਰ ਤੇ ਪਾਇਐ। ਹੇਠ-ਲਿਖੇ ਲਫ਼ਜ਼ਾਂ ਦਾ ਪਰਸਪਰ ਫ਼ਰਕ ਚੇਤੇ ਰਹਿਣਾ ਚਾਹੀਦਾ ਹੈ: ਧਿਆਇਐ, ਧਿਆਈਐ; ਗਾਇਐ, ਗਾਈਐ; ਆਇਐ, ਆਈਐ; ਵਸਾਇਐ, ਵਸਾਈਐ; ਗਵਾਇਐ, ਗਵਾਈਐ; ਪਾਇਐ, ਪਾਈਐ। ਧਿਆਇਐ-ਜੇ ਸਿਮਰੀਏ। ਧਿਆਈਐ-ਸਿਮਰਨਾ ਚਾਹੀਦਾ ਹੈ। ਗਾਇਐ-ਜੇ ਗਾਵੀਏ। ਗਾਈਐ-ਗਾਉਣਾ ਚਾਹੀਦਾ ਹੈ}। ਵੰਞੈ-ਨਾਸ ਹੋ ਜਾਂਦਾ ਹੈ। ਠਾਢਿ-ਠੰਢ, ਸ਼ਾਂਤੀ। ਚਿਤਿ-ਚਿਤ ਵਿਚ। ਮੰਨਿ-ਮਨ ਵਿਚ। ਨਾਇ- {ਇਹ ਲਫ਼ਜ਼ 'ਨਾਉ' ਤੋਂ 'ਅਧਿਕਰਣ ਕਾਰਕ, ਇਕ-ਵਚਨ' ਹੈ} ਆਪੁ-ਆਪਾ ਭਾਵ। ਤਿਨਿ-ਉਸ ਮਨੁੱਖ ਨੇ। ਛਾਇਐ-ਛਾਂ ਹੇਠ, ਸਾਏ ਵਿਚ।
ਅਰਥ: ਜੇ ਪਿਆਰੇ ਪ੍ਰਭੂ ਨੂੰ ਸਿਮਰੀਏ ਤਾਂ ਬਹੁਤ ਹੀ ਸੁਖ ਹੁੰਦਾ ਹੈ, ਜੇ ਹਰੀ ਦੇ ਗੁਣ ਗਾਵੀਏ ਤਾਂ ਰੋਗਾਂ ਦੇ ਘਾਣ (ਭਾਵ, ਸਾਰੇ ਹੀ ਰੋਗ) ਨਾਸ ਹੋ ਜਾਂਦੇ ਹਨ, ਜੇ ਪ੍ਰਭੂ ਚਿਤ ਵਿਚ ਆ ਵੱਸੇ ਤਾਂ ਚਿਤ ਵਿਚ ਠੰਢ ਪੈ ਜਾਂਦੀ ਹੈ, ਜੇ ਪ੍ਰਭੂ ਦਾ ਨਾਮ ਮਨ ਵਿਚ ਵੱਸ ਪਏ, ਤਾਂ ਆਸ ਪੂਰੀ ਹੋ ਜਾਂਦੀ ਹੈ (ਭਾਵ, ਆਸਾ ਤ੍ਰਿਸਨਾ ਆਦਿਕ ਮਿਟ ਜਾਂਦੀ ਹੈ) , ਜੇ ਆਪਾ ਭਾਵ ਗਵਾ ਦੇਈਏ ਤਾਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਔਕੜ ਨਹੀਂ ਆਉਂਦੀ; ਜੇ ਸਤਿਗੁਰੂ ਤੋਂ ਮੱਤ ਹਾਸਲ ਕਰੀਏ ਤਾਂ (ਪ੍ਰਭੂ ਦੇ) ਗਿਆਨ ਦਾ ਖ਼ਜ਼ਾਨਾ (ਮਿਲ ਜਾਂਦਾ ਹੈ) , ਪਰ, ਇਹ ਸਾਰੇ ਪਦਾਰਥ ਉਸ ਮਨੁੱਖ ਨੇ ਪਰਾਪਤ ਕੀਤੇ ਜਿਸ ਨੂੰ ਪ੍ਰਭੂ ਨੇ ਆਪ (ਗੁਰੂ ਦੀ ਰਾਹੀਂ) ਦਿਵਾਏ ਹਨ।
(ਹੇ ਪ੍ਰਭੂ!) ਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੇ ਸਾਏ ਹੇਠ ਹੈ।੮।
