ਅਕਾਲ ਚਲਾਣਾ ਪ੍ਰੋ਼. (ਡਾ.) ਬਲਬੀਰ ਸਿੰਘ ਮੋਮੀ ਵਾਸੀ ਪਿੰਡ ਠੱਟਾ ਨਵਾਂ

 

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪ੍ਰੋਫੈਸਰ (ਡਾਕਟਰ) ਬਲਬੀਰ ਸਿੰਘ ਮੋਮੀ (65) ਵਾਸੀ ਪਿੰਡ ਠੱਟਾ ਨਵਾਂ ਅੱਜ ਮਿਤੀ 19.06.2026 ਨੂੰ ਸ਼ਾਮ 6 ਵਜੇ ਸੰਖੇਪ ਜਿਹੀ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ।


ਪ੍ਰੋਫੈਸਰ ਸਾਹਿਬ ਦੇ ਜੀਵਨ 'ਤੇ ਸੰਖੇਪ ਜਿਹੀ ਝਾਤ 

ਪ੍ਰੋ. (ਡਾ.) ਬਲਬੀਰ ਸਿੰਘ ਮੋਮੀ ਦਾ ਜਨਮ 1 ਜਨਵਰੀ 1961 ਈ ਨੂੰ ਪਿਤਾ ਸ. ਦਲੀਪ ਸਿੰਘ ਤੇ ਮਾਤਾ ਸ਼੍ਰੀਮਤੀ ਨੰਤ ਕੌਰ ਦੇ ਘਰ ਪਿੰਡ ਠੱਟਾ ਨਵਾਂ ਤਹਿਸੀਲ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਵਿਖੇ ਹੋਇਆ।


ਆਪ ਨੇ ਮੈਟਰਿਕ ਸ਼ਹੀਦ ਊਧਮ ਸਿੰਘ ਸਰਕਾਰੀ ਹਾਈ ਸਕੂਲ ਟਿੱਬਾ (ਕਪੂਰਥਲਾ), ਬੀ.ਏ. ਆਨਰਜ਼ ਸਰਕਾਰੀ ਕਾਲਜ ਕਪੂਰਥਲਾ, ਐਮ.ਏ. ਪੰਜਾਬੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਸੈਂਟਰ ਜਲੰਧਰ, ਐਮ.ਫਿਲ. ਤੇ ਪੀ.ਐੱਚ.ਡੀ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕੀਤੀ।


ਆਪ ਨੇ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ, ਡੀ ਏ ਵੀ ਕਾਲਜ ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਈਵਨਿੰਗ ਕਾਲਜ ਜਲੰਧਰ ਵਿੱਚ ਅਧਿਆਪਨ ਦਾ ਕਾਰਜ ਕੀਤਾ।


ਇਸ ਉਪਰੰਤ ਸੰਤ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਬੇਗੋਵਾਲ (ਕਪੂਰਥਲਾ) ਵਿੱਚ ਲਗਭਗ 32 ਸਾਲ ਸੇਵਾ ਕਰਨ ਉਪਰੰਤ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਦੇ ਤੌਰ ਤੇ ਸੇਵਾ ਮੁਕਤ ਹੋ ਚੁੱਕੇ ਹਨ।


ਆਪ ਨੇ ਪੰਜਾਬੀ ਕਵੀਸ਼ਰੀ ਇਤਿਹਾਸ ਤੇ ਪਰੰਪਰਾ, ਪੰਜਾਬੀ ਲੋਕ ਸਾਹਿਤ ਨਾਲ ਸੰਬੰਧਿਤ 'ਕੈਂਠਾ ਘੜੀਂਦਾ ਸਿੰਘ ਜੀ' ਤੇ 'ਗਾਗਰ ਦੇ ਸੁੱਚੇ ਮੋਤੀ' ਪੁਸਤਕਾਂ ਦੀ ਰਚਨਾ ਕੀਤੀ। ਇਸ ਤੋਂ ਬਿਨਾਂ ਆਪ ਨੇ ਮੌਲਿਕ ਕਵੀਸ਼ਰੀ ਦੀ ਰਚਨਾ ਵੀ ਕੀਤੀ ਹੈ।