Today’s Hukamnama from Gurdwara Sri Ber Sahib Ji Sultanpur Lodhi

Monday, 17th August 2026 (1 Bhaadon, Samvat 558 Nanakshahi)

ਸੋਰਠਿ ਮਹਲਾ ੩ ॥ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥ ਹਰਿ ਕੇ ਦਾਸ ਸੁਹੇਲੇ ਭਾਈ ॥ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥ ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥ ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥ ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥ ਹਉ ਮੇਰਾ ਜਗੁ ਪਲਚਿ ਰਹਿਆ ਭਾਈ ਕੋਇ ਨ ਕਿਸ ਹੀ ਕੇਰਾ ॥ ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ ਨਿਜ ਘਰਿ ਹੋਇ ਬਸੇਰਾ ॥ ਐਥੈ ਬੂਝੈ ਸੁ ਆਪੁ ਪਛਾਣੈ ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥ ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ ॥ ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ॥ ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥੪॥੬॥ {ਪੰਨਾ 601-602}

ਪਦਅਰਥ: ਸੋ = ਉਹ ਮਨੁੱਖ। ਸਖਾ = ਮਿੱਤਰ। ਬੰਧਪੁ = ਰਿਸ਼ਤੇਦਾਰ। ਜਿ = ਜੇਹੜਾ। ਭਾਣੈ = ਮਰਜ਼ੀ ਵਿਚ, ਮਰਜ਼ੀ ਅਨੁਸਾਰ। ਵਿਛੁੜਿ = ਵਿੱਛੁੜ ਕੇ।੧।

ਸੁਹੇਲੇ = ਸੁਖੀ। ਕਿਲਵਿਖ = ਪਾਪ। ਆਪੇ = ਪ੍ਰਭੂ ਆਪ ਹੀ।ਰਹਾਉ।

ਕੁਟੰਬੁ = ਪਰਵਾਰ। ਸਭੁ = ਸਾਰਾ। ਜੀਅ ਕੇ ਬੰਧਨ = ਜਿੰਦ ਵਾਸਤੇ ਬੰਧਨ। ਭੁਲਾ = ਕੁਰਾਹੇ ਪਿਆ ਰਹਿੰਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮੋਖ = ਖ਼ਲਾਸੀ। ਕਰਮ = ਦੁਨੀਆ ਦੇ ਕੰਮ = ਧੰਧੇ। ਵਾਰੋ ਵਾਰਾ = ਮੁੜ ਮੁੜ।੨।

ਹਉ = ਮੈਂ (ਵੱਡਾ ਹਾਂ) ਮੇਰਾ = (ਇਹ ਧਨ ਪਦਾਰਥ) ਮੇਰਾ ਹੈ। ਪਲਚਿ ਰਹਿਆ = ਉਲਝਿਆ ਪਿਆ ਹੈ। ਕੇਰਾ = ਦਾ। ਮਹਲੁ = ਪਰਮਾਤਮਾ ਦੀ ਹਜ਼ੂਰੀ। ਪਾਇਨਿ = ਪਾ ਲੈਂਦੇ ਹਨ। ਨਿਜ ਘਰਿ = ਆਪਣੇ ਘਰ ਵਿਚ। ਐਥੈ = ਇਸ ਜੀਵਨ ਵਿਚ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।੩।

ਦਇਆਲੁ = ਦਇਆ ਦਾ ਘਰ। ਭਾਗਾ = ਚੰਗੀ ਕਿਸਮਤਿ। ਕਰਿ = ਕਰ ਕੇ, ਨਾਲ। ਭਾਉ = ਭਾਵਨਾ, ਨੀਅਤ। ਆਪੁ = ਆਪਾ = ਭਾਵ।੪।

ਅਰਥ: ਹੇ ਭਾਈ! ਪਰਮਾਤਮਾ ਦੇ ਭਗਤ ਸੁਖੀ ਜੀਵਨ ਬਿਤੀਤ ਕਰਦੇ ਹਨ। ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦੇਂਦਾ ਹੈ, ਤੇ, ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ।ਰਹਾਉ।

ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ। ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ, ਤੇ ਮੁੜ ਮੁੜ (ਦੁੱਖੀ ਹੋ ਕੇ) ਪਛੁਤਾਂਦਾ ਹੈ।੧।

ਹੇ ਭਾਈ! ਗੁਰੂ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ) ਇਹ (ਆਪਣਾ) ਪਰਵਾਰ ਭੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ, (ਤਾਂਹੀਏਂ) ਜਗਤ (ਗੁਰੂ ਤੋਂ) ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ। ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ। ਜੇਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ-ਧੰਧੇ ਹੀ ਕਰਦੇ ਹਨ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ।੨।

ਹੇ ਭਾਈ! 'ਮੈਂ ਵੱਡਾ ਹਾਂ', 'ਇਹ ਧਨ ਆਦਿਕ ਮੇਰਾ ਹੈ'-ਇਸ ਵਿਚ ਹੀ ਜਗਤ ਉਲਝਿਆ ਪਿਆ ਹੈ (ਉਂਞ) ਕੋਈ ਭੀ ਕਿਸੇ ਦਾ (ਸਦਾ ਦਾ ਸਾਥੀ) ਨਹੀਂ ਬਣ ਸਕਦਾ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਤੇ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ, ਉਹਨਾਂ ਦਾ (ਆਤਮਕ) ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ। ਜੇਹੜਾ ਮਨੁੱਖ ਇਸ ਜੀਵਨ ਵਿਚ ਹੀ (ਇਸ ਭੇਤ ਨੂੰ) ਸਮਝਦਾ ਹੈ, ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ।੩।

ਹੇ ਭਾਈ! ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ (ਮਾਇਆ-ਵੇੜ੍ਹਿਆ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ) ਕਿਸਮਤਿ ਤੋਂ ਬਿਨਾ (ਗੁਰੂ ਪਾਸੋਂ) ਕੀਹ ਮਿਲੇ? ਗੁਰੂ ਸਭਨਾਂ ਨੂੰ ਇਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ। (ਪਰ ਸਾਡੀ ਜੀਵਾਂ ਦੀ) ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ (ਸਾਨੂੰ ਗੁਰੂ ਪਾਸੋਂ) ਮਿਲ ਜਾਂਦਾ ਹੈ। ਹੇ ਨਾਨਕ! ਜੇ ਗੁਰੂ ਦੀ ਸਰਨ ਪੈ ਕੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਈਏ, ਤਾਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ।੪।੬।



Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ