Today’s Hukamnama from Gurdwara Sri Ber Sahib Ji Sultanpur Lodhi
Thursday, 13th August 2026 (29 Saawan, Samvat 558 Nanakshahi)
ਸਲੋਕੁ ਮਃ ੩ ॥ ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 646}
ਪਦਅਰਥ: ਜਗਿ = ਜਗਤ ਵਿਚ। ਤੋਟਾ = ਘਾਟਾ। ਸੰਸਾਰਿ = ਸੰਸਾਰ ਵਿਚ। ਸਭਿ = ਸਾਰੇ ਜੀਵ।
ਅਰਥ: ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ; ਹੇ ਨਾਨਕ! ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ। ਪਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।੧।
ਮਃ ੩ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ {ਪੰਨਾ 646}
ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ) ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ।
ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰਿ ਚਿੰਤਾ ਨੀਦ ਨ ਸੋਵੈ ॥ {ਪੰਨਾ 646}
ਅਰਥ: ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।
ਗਿਆਨੀ ਜਾਗਹਿ ਸਵਹਿ ਸੁਭਾਇ ॥ ਨਾਨਕ ਨਾਮਿ ਰਤਿਆ ਬਲਿ ਜਾਉ ॥੨॥ {ਪੰਨਾ 646}
ਅਰਥ: ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ) । ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ।੨।
ਪਉੜੀ ॥ ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ {ਪੰਨਾ 646}
ਪਦਅਰਥ: ਸਤਿਆ = ਸਤਿ, ਸਦਾ-ਥਿਰ ਰਹਿਣ ਵਾਲਾ।
ਅਰਥ: ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ; ਉਸ ਇੱਕ ਹਰੀ ਨੂੰ ਧਿਆਉਂਦੇ ਹਨ; ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ। ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ।੯।
