ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥ ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥ ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥ ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥ ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥ ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥ {ਪੰਨਾ 694}
ਪਦਅਰਥ: ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਾਵਨ = ਪਵਿਤਰ। ਮਾਧਉ = ਹੇ ਮਾਧੋ! ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਧੰਨਿ = ਭਾਗਾਂ ਵਾਲੇ। ਤੇ ਵੈ = ਉਹ। ਮੁਨਿ ਜਨ = ਮੁਨੀ ਲੋਕ, ਰਿਸ਼ੀ ਲੋਕ। (ਨੋਟ:ਲਫ਼ਜ਼ 'ਜਨ' ਦਾ ਅਰਥ ਵੱਖਰਾ ਨਹੀਂ ਕਰਨਾ, 'ਜਨ' ਇੱਥੇ 'ਮੁਨੀਆਂ' ਦਾ ਸਮੂਹ ਪਰਗਟ ਕਰਦਾ ਹੈ, ਭਾਵ, ਬੇਅੰਤ ਮੁਨੀ, ਬਹੁਤ ਮੁਨੀ; ਇਸੇ ਤਰ੍ਹਾਂ ਲਫ਼ਜ਼ "ਸੰਤ ਜਨ") । ਮੇਰਾ = ਪਿਆਰਾ।੧।
ਮਾਥੈ = ਮੱਥੇ ਉੱਤੇ। ਲਾਗੀਲੇ = ਲੱਗੀ ਹੈ। ਧੂਰਿ = ਧੂੜ। ਸੁਰਿ ਨਰ = ਦੇਵਤੇ। ਦੂਰਿ = ਪਰੇ (ਭਾਵ, ਉਹਨਾਂ ਦੇ ਭਾਗਾਂ ਵਿਚ ਨਹੀਂ) । ਤੇ = ਤੋਂ।੧।ਰਹਾਉ।
ਗਰਬ = ਅਹੰਕਾਰ। ਪਰਹਾਰੀ = ਦੂਰ ਕਰਨ ਵਾਲਾ। ਬਲਿ = ਸਦਕੇ।੨।
ਅਰਥ: ਹੇ ਮਾਧੋ! ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ। (ਹੇ ਭਾਈ!) ਉਹ ਮੁਨੀ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ।੧।
(ਉਸ ਗੋਬਿੰਦ ਦੀ ਮਿਹਰ ਨਾਲ) ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ) ; ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ।੧।ਰਹਾਉ।
ਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ। ਤੂੰ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈਂ। ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ।੨।੫।
ਸ਼ਬਦ ਦਾ ਭਾਵ: ਪ੍ਰਭੂ ਦੇ ਸਿਮਰਨ ਦੀ ਦਾਤ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਜੋ ਸਿਮਰਦੇ ਹਨ ਉਹਨਾਂ ਦੇ ਸਭ ਪਾਪ ਦੂਰ ਹੋ ਜਾਂਦੇ ਹਨ।
