ਗੋਂਡ ਮਹਲਾ ੫ ॥ ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥ ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥ ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥ ਜਾ ਕੈ ਸੰਗਿ ਰਿਦੈ ਪਰਗਾਸ ॥੧॥ ਸੇ ਸੰਤਨ ਹਰਿ ਕੇ ਮੇਰੇ ਮੀਤ ॥ ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥ ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥ ਜਾ ਕੈ ਉਪਦੇਸਿ ਭਰਮੁ ਭਉ ਨਸੈ ॥ ਜਾ ਕੈ ਕੀਰਤਿ ਨਿਰਮਲ ਸਾਰ ॥ ਜਾ ਕੀ ਰੇਨੁ ਬਾਂਛੈ ਸੰਸਾਰ ॥੨॥ ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥ ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥ ਸਰਬ ਜੀਆਂ ਕਾ ਜਾਨੈ ਭੇਉ ॥ ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥ ਪਾਰਬ੍ਰਹਮ ਜਬ ਭਏ ਕ੍ਰਿਪਾਲ ॥ ਤਬ ਭੇਟੇ ਗੁਰ ਸਾਧ ਦਇਆਲ ॥ ਦਿਨੁ ਰੈਣਿ ਨਾਨਕੁ ਨਾਮੁ ਧਿਆਏ ॥ ਸੂਖ ਸਹਜ ਆਨੰਦ ਹਰਿ ਨਾਏ ॥੪॥੪॥੬॥ {ਪੰਨਾ 863}
ਪਦਅਰਥ: ਜਾ ਕੈ ਸੰਗਿ = ਜਿਨ੍ਹਾਂ (ਸੰਤ ਜਨਾਂ) ਦੀ ਸੰਗਤਿ ਵਿਚ। ਨਿਰਮਲੁ = ਪਵਿੱਤਰ। ਕਿਲਬਿਖ = (ਸਾਰੇ) ਪਾਪ। ਹੋਹਿ = ਹੋ ਜਾਂਦੇ ਹਨ। ਰਿਦੈ = ਹਿਰਦੇ ਵਿਚ। ਪਰਗਾਸ = (ਆਤਮਕ ਜੀਵਨ ਦਾ) ਚਾਨਣ।੧।
ਸੇ = {ਬਹੁ-ਵਚਨ} ਉਹ। ਕੇਵਲ = ਸਿਰਫ਼। ਗਾਈਐ = ਗਾਇਆ ਜਾਂਦਾ ਹੈ। ਜਾ ਕੈ = ਜਿਨ੍ਹਾਂ ਦੇ ਘਰ ਵਿਚ। ਨੀਤ = ਨਿੱਤ, ਸਦਾ।੧।ਰਹਾਉ।
ਜਾ ਕੈ ਮੰਤ੍ਰਿ = ਜਿਨ੍ਹਾਂ (ਸੰਤ ਜਨਾਂ) ਦੇ ਉਪਦੇਸ਼ ਨਾਲ। ਮਨਿ = ਮਨ ਵਿਚ। ਭਉ = ਡਰ। ਭਰਮੁ = ਵਹਿਮ। ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਸਾਰ = ਸ੍ਰੇਸ਼ਟ। ਜਾ ਕੀ ਰੇਨੁ = ਜਿਨ੍ਹਾਂ ਦੀ ਚਰਨ = ਧੂੜ। ਬਾਂਛੈ = ਲੋਚਦਾ ਹੈ।੨।
ਕੋਟਿ ਪਤਿਤ = ਕ੍ਰੋੜਾਂ ਵਿਕਾਰੀ। ਉਧਾਰ = (ਵਿਕਾਰਾਂ ਤੋਂ) ਨਿਸਤਾਰਾ। ਨਿਰੰਕਾਰੁ = ਆਕਾਰ = ਰਹਿਤ ਪ੍ਰਭੂ। ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਨਾਮ ਅਧਾਰ = ਨਾਮ ਦਾ ਆਸਰਾ। ਭੇਉ = ਭੇਤ। ਨਿਧਾਨ = ਖ਼ਜ਼ਾਨਾ। ਦੇਉ = ਪ੍ਰਕਾਸ਼ = ਰੂਪ।੩।
ਤਬ = ਤਦੋਂ। ਭੇਟੇ = ਮਿਲਦੇ ਹਨ। ਦਇਆਲ = ਦਇਆ ਦੇ ਘਰ। ਰੈਣਿ = ਰਾਤ। ਨਾਨਕੁ ਧਿਆਏ = ਨਾਨਕ ਸਿਮਰਦਾ ਹੈ। ਸਹਜ = ਆਤਮਕ ਅਡੋਲਤਾ। ਹਰਿ ਨਾਏ = ਹਰਿ ਨਾਇ, ਹਰੀ ਦੇ ਨਾਮ ਵਿਚ ਜੁੜਿਆਂ।੪।
ਅਰਥ: ਹੇ ਭਾਈ! ਮੇਰੇ ਮਿੱਤਰ ਤਾਂ ਪ੍ਰਭੂ ਦੇ ਉਹ ਸੰਤ ਜਨ ਹਨ, ਜਿਨ੍ਹਾਂ ਦੀ ਸੰਗਤਿ ਵਿਚ ਸਦਾ ਸਿਰਫ਼ ਹਰਿ-ਨਾਮ ਗਾਇਆ ਜਾਂਦਾ ਹੈ।੧।ਰਹਾਉ।
(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਇਹ ਮਨ ਪਵਿੱਤਰ ਹੋ ਜਾਂਦਾ ਹੈ, ਜਿਨ੍ਹਾਂ ਦੀ ਸੰਗਤਿ ਵਿਚ ਸਦਾ ਹਰਿ-ਨਾਮ ਦਾ ਸਿਮਰਨ (ਕਰਨ ਦਾ ਮੌਕਾ ਮਿਲਦਾ) ਹੈ, ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਅਤੇ ਜਿਨ੍ਹਾਂ ਦੀ ਸੰਗਤਿ ਵਿਚ ਟਿਕਿਆਂ ਹਿਰਦੇ ਵਿਚ (ਸੁੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।੧।
(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੇ ਉਪਦੇਸ਼ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ, ਜਿਨ੍ਹਾਂ ਦੇ ਉਪਦੇਸ਼ ਨਾਲ (ਮਨ ਵਿਚੋਂ) ਹਰੇਕ ਡਰ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸ੍ਰੇਸ਼ਟ ਅਤੇ ਪਵਿੱਤਰ ਕਰਨ ਵਾਲੀ ਹਰਿ-ਕੀਰਤੀ ਵੱਸਦੀ ਰਹਿੰਦੀ ਹੈ, ਅਤੇ ਜਿਨ੍ਹਾਂ ਦੀ ਚਰਨ-ਧੂੜ ਸਾਰਾ ਜਗਤ ਲੋੜਦਾ ਰਹਿੰਦਾ ਹੈ।੨।
(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਹਿ ਕੇ ਕ੍ਰੋੜਾਂ ਵਿਕਾਰੀਆਂ ਦਾ (ਵਿਕਾਰਾਂ ਵਲੋਂ) ਨਿਸਤਾਰਾ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ (ਹਰ ਵੇਲੇ) ਕੇਵਲ ਪਰਮਾਤਮਾ ਹੀ ਵੱਸਦਾ ਹੈ, ਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਆਸਰਾ ਬਣਿਆ ਰਹਿੰਦਾ ਹੈ ਜੋ ਸਾਰੇ ਜੀਵਾਂ (ਦੇ ਦਿਲ) ਦਾ ਭੇਤ ਜਾਣਦਾ ਹੈ ਜੋ ਕਿਰਪਾ ਦਾ ਖ਼ਜ਼ਾਨਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜੋ ਪ੍ਰਕਾਸ਼-ਰੂਪ ਹੈ।੩।
(ਹੇ ਭਾਈ!) ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਤਦੋਂ ਇਹੋ ਜਿਹੇ ਦਿਆਲ ਸੰਤ ਜਨ ਮਿਲਦੇ ਹਨ ਤਦੋਂ ਸਤਿਗੁਰੂ ਜੀ ਮਿਲਦੇ ਹਨ। (ਹੇ ਭਾਈ! ਇਹੋ ਜਿਹੇ ਸੰਤ ਜਨਾਂ ਦੀ ਸੰਗਤਿ ਵਿਚ) ਨਾਨਕ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਅਤੇ ਹਰਿ-ਨਾਮ ਦੀ ਬਰਕਤ ਨਾਲ (ਨਾਨਕ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ।੪।੪।੬।
