ਪਦਅਰਥ: ਦੋਵੈ ਥਾਵ = (ਇਹ ਲੋਕ ਅਤੇ ਪਰਲੋਕ) ਦੋਵੇਂ ਥਾਂ {ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ}। ਗੁਰ ਸੂਰੇ = ਸੂਰਮੇ ਗੁਰੂ ਨੇ। ਹਲਤ = {अत्र} ਇਹ ਲੋਕ। ਪਲਤ = {परत्र} ਪਰਲੋਕ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸਵਾਰੇ = ਸੋਹਣੇ ਬਣਾ ਦਿੱਤੇ। ਸਗਲੇ = ਸਾਰੇ। ਪੂਰੇ = ਸਫਲ।੧।ਰਹਾਉ।
ਜਪਤ = ਜਪਦਿਆਂ। ਸਹਜੇ = ਆਤਮਕ ਅਡੋਲਤਾ ਵਿਚ। ਮਜਨੁ = ਚੁੱਭੀ, ਇਸ਼ਨਾਨ। ਸਾਧੂ ਧੂਰੇ = ਗੁਰੂ ਦੇ ਚਰਨਾਂ ਦੀ ਧੂੜ ਵਿਚ। ਥਿਤਿ = {स्थिति} ਟਿਕਾਉ। ਬਿਸੂਰੇ = ਚਿੰਤਾ = ਝੋਰੇ।੧।
ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਘਟਿ ਘਟਿ = ਹਰੇਕ ਸਰੀਰ ਵਿਚ। ਏਕੁ = ਇਕ ਪਰਮਾਤਮਾ ਹੀ। ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਪੇਖਿ = ਪੇਖੇ, ਵੇਖਦਾ ਹੈ। ਹਜੂਰੇ = ਅੰਗ = ਸੰਗ।੨।
ਅਰਥ: (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਸੂਰਮਾ ਗੁਰੂ (ਉਸ ਦਾ ਇਹ ਲੋਕ ਅਤੇ ਪਰਲੋਕ) ਦੋਵੇਂ ਹੀ (ਵਿਗੜਨ ਤੋਂ) ਬਚਾ ਲੈਂਦਾ ਹੈ। ਪਰਮਾਤਮਾ ਨੇ (ਸਦਾ ਹੀ ਅਜੇਹੇ ਮਨੁੱਖ ਦੇ) ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ, ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ।੧।ਰਹਾਉ।
(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ, ਆਤਮਕ ਅਡੋਲਤਾ ਵਿਚ ਟਿਕੇ ਰਹੀਦਾ ਹੈ, ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਪ੍ਰਾਪਤ ਹੁੰਦਾ ਹੈ, ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਟਿਕਾਉ ਪ੍ਰਾਪਤ ਹੁੰਦਾ ਹੈ, ਜਨਮ ਤੋਂ ਮਰਨ ਤਕ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ।੧।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਦਾ ਹੈ, ਉਹ ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਭਰਮਾਂ ਤੋਂ ਪਾਰ ਲੰਘ ਜਾਂਦਾ ਹੈ, ਜਮਦੂਤਾਂ ਬਾਰੇ ਭੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ, ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਦਿੱਸਦਾ ਹੈ, ਉਹ ਮਨੁੱਖ ਸਾਰੇ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ।੨।੨੨।੧੦੮।
