Today’s Hukamnama from Gurdwara Sri Ber Sahib Ji Sultanpur Lodhi

Monday, 26th October 2026 (10 Katak, Samvat 558 Nanakshahi


ਗੋਂਡ ਮਹਲਾ ੫ ॥ ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥ ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥੧॥ ਮਤ ਕੋ ਭਰਮਿ ਭੁਲੈ ਸੰਸਾਰਿ ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥ਭੂਲੇ ਕਉ ਗੁਰਿ ਮਾਰਗਿ ਪਾਇਆ ॥ ਅਵਰ ਤਿਆਗਿ ਹਰਿ ਭਗਤੀ ਲਾਇਆ ॥ ਜਨਮ ਮਰਨ ਕੀ ਤ੍ਰਾਸ ਮਿਟਾਈ ॥ ਗੁਰ ਪੂਰੇ ਕੀ ਬੇਅੰਤ ਵਡਾਈ ॥੨॥ ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ॥ ਅੰਧਕਾਰ ਮਹਿ ਭਇਆ ਪ੍ਰਗਾਸ ॥ ਜਿਨਿ ਕੀਆ ਸੋ ਗੁਰ ਤੇ ਜਾਨਿਆ ॥ ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥੩॥ ਗੁਰੁ ਕਰਤਾ ਗੁਰੁ ਕਰਣੈ ਜੋਗੁ ॥ ਗੁਰੁ ਪਰਮੇਸਰੁ ਹੈ ਭੀ ਹੋਗੁ ॥ ਕਹੁ ਨਾਨਕ ਪ੍ਰਭਿ ਇਹੈ ਜਨਾਈ ॥ ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥੪॥੫॥੭॥ {ਪੰਨਾ 864}

ਪਦਅਰਥ: ਗੁਰ ਕੀ ਮੂਰਤਿ = ਗੁਰੂ ਦਾ ਸ਼ਬਦ = ਰੂਪ ਮੂਰਤੀ। ਗੁਰ ਕੀ ਮੂਰਤਿ ਧਿਆਨੁ = ਗੁਰੂ ਦੇ ਸ਼ਬਦ = ਰੂਪ ਮੂਰਤੀ ਦਾ ਧਿਆਨ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮੰਤ੍ਰੁ = ਨਾਮ = ਮੰਤ੍ਰ। ਮਾਨ = ਮੰਨਦਾ ਹੈ। ਰਿਦੈ = ਹਿਰਦੇ ਵਿਚ। ਲੈ = ਲੈ ਕੇ। ਧਾਰਉ = ਧਾਰਉਂ, ਮੈਂ ਧਾਰਦਾ ਹਾਂ।੧।

ਮਤ = ਮਤਾਂ। ਮਤ ਕੋ ਭੁਲੈ = ਮਤਾਂ ਕੋਈ ਭੁੱਲ ਜਾਏ, ਕਿਤੇ ਕੋਈ ਭੁੱਲ ਨਾਹ ਜਾਏ। ਸੰਸਾਰਿ = ਸੰਸਾਰ ਵਿਚ।੧।ਰਹਾਉ।

ਕਉ = ਨੂੰ। ਗੁਰਿ = ਗੁਰੂ ਨੇ। ਮਾਰਗਿ = ਰਸਤੇ ਉਤੇ। ਅਵਰ = ਹੋਰ (ਦੇਵੀ ਦੇਵਤੇ ਆਦਿਕ ਦੀ ਭਗਤੀ) । ਤ੍ਰਾਸ = ਡਰ।੨।

ਪ੍ਰਸਾਦਿ = ਕਿਰਪਾ ਨਾਲ। ਊਰਧ = ਉਲਟਿਆ ਹੋਇਆ। ਬਿਗਾਸ = ਖਿੜਾਉ। ਅੰਧਕਾਰ = ਹਨੇਰਾ। ਪ੍ਰਗਾਸ = ਚਾਨਣ। ਜਿਨਿ = ਜਿਸ (ਪ੍ਰਭੂ) ਨੇ। ਤੇ = ਤੋਂ, ਦੀ ਰਾਹੀਂ। ਜਾਨਿਆ = ਜਾਣ ਲਿਆ, ਸਾਂਝ ਪਾ ਲਈ। ਮੁਗਧ = ਮੂਰਖ। ਮਾਨਿਆ = ਪਤੀਜ ਗਿਆ, ਗਿੱਝ ਗਿਆ।੩।

ਕਰਣੈ ਜੋਗੁ = ਸਭ ਕੁਝ ਕਰਨ ਦੀ ਸਮਰਥਾ ਵਾਲਾ। ਹੋਗੁ = ਸਦਾ ਰਹੇਗਾ। ਪ੍ਰਭਿ = ਪ੍ਰਭੂ ਨੇ। ਇਹੈ– ਇਹੀ ਗੱਲ। ਜਨਾਈ = ਸਮਝਾਈ ਹੈ। ਮੁਕਤਿ = (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ। ਭਾਈ = ਹੇ ਭਾਈ!।੪।

ਅਰਥ: ਹੇ ਭਾਈ! ਦੁਨੀਆ ਵਿਚ ਕਿਤੇ ਕੋਈ ਮਨੁੱਖ ਭਟਕਣਾ ਵਿਚ ਪੈ ਕੇ (ਇਹ ਗੱਲ) ਨਾਹ ਭੁੱਲ ਜਾਏ, ਕਿ ਗੁਰੂ ਤੋਂ ਬਿਨਾ ਕੋਈ ਭੀ ਜੀਵ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੇਗਾ।੧।ਰਹਾਉ।

(ਤਾਹੀਏਂ, ਹੇ ਭਾਈ!) ਮੈਂ ਤਾਂ ਗੁਰੂ (ਨੂੰ) ਪਰਮਾਤਮਾ (ਦਾ ਰੂਪ ਜਾਣ ਕੇ ਉਸ) ਨੂੰ ਸਦਾ ਨਮਸਕਾਰ ਕਰਦਾ ਹਾਂ, ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਲੈ ਕੇ ਵਸਾਈ ਰੱਖਦਾ ਹਾਂ। ਗੁਰੂ ਦੇ ਸ਼ਬਦ ਦੀ ਰਾਹੀਂ ਮੇਰਾ ਮਨ ਨਾਮ-ਮੰਤ੍ਰ ਨੂੰ (ਸਭ ਮੰਤ੍ਰਾਂ ਤੋਂ ਸ੍ਰੇਸ਼ਟ ਮੰਤ੍ਰ) ਮੰਨ ਰਿਹਾ ਹੈ। (ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ) ਗੁਰੂ ਦੀ (ਇਸ) ਮੂਰਤੀ ਦਾ (ਮੇਰੇ) ਮਨ ਵਿਚ ਧਿਆਨ ਟਿਕਿਆ ਰਹਿੰਦਾ ਹੈ।੧।

ਹੇ ਭਾਈ! ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ। ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ (ਹੀ ਸਹੀ ਜੀਵਨ ਦੇ) ਰਸਤੇ ਉਤੇ (ਸਦਾ) ਪਾਇਆ ਹੈ, ਹੋਰ (ਦੇਵੀ ਦੇਵਤਿਆਂ ਦੀ ਭਗਤੀ) ਛਡਾ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਿਆ ਹੈ (ਤੇ, ਇਸ ਤਰ੍ਹਾਂ ਉਸ ਦੇ ਅੰਦਰੋਂ) ਜਨਮ ਮਰਨ ਦੇ ਗੇੜ ਦਾ ਸਹਿਮ ਮੁਕਾ ਦਿੱਤਾ ਹੈ।੨।

ਹੇ ਭਾਈ! ਮਾਇਆ ਵਲ) ਉਲਟਿਆ ਹੋਇਆ ਹਿਰਦਾ-ਕੌਲ ਗੁਰੂ ਦੀ ਕਿਰਪਾ ਨਾਲ (ਪਰਤ ਕੇ) ਖਿੜ ਪੈਂਦਾ ਹੈ। (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ (ਸਹੀ ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਜਾਣ-ਪਛਾਣ ਬਣ ਜਾਂਦੀ ਹੈ ਜਿਸ ਨੇ (ਇਹ ਸਾਰਾ ਜਗਤ) ਪੈਦਾ ਕੀਤਾ ਹੈ। (ਇਹ) ਮੂਰਖ ਮਨ ਗੁਰੂ ਦੀ ਕਿਰਪਾ ਨਾਲ (ਪ੍ਰਭੂ-ਚਰਨਾਂ ਵਿਚ ਜੁੜਨਾ) ਗਿੱਝ ਜਾਂਦਾ ਹੈ।੩।

ਹੇ ਨਾਨਕ! ਆਖ-ਗੁਰੂ (ਆਤਮਕ ਅਵਸਥਾ ਵਿਚ ਕਰਤਾਰ ਨਾਲ ਇਕ-ਸੁਰ ਹੋਣ ਕਰਕੇ ਉਸ) ਕਰਤਾਰ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰਥ ਹੈ। ਗੁਰੂ ਉਸ ਪਰਮੇਸਰ ਦਾ ਰੂਪ ਹੈ, ਜੋ (ਪਹਿਲਾਂ ਭੀ ਮੌਜੂਦ ਸੀ) ਹੁਣ ਭੀ ਮੌਜੂਦ ਹੈ ਅਤੇ ਸਦਾ ਕਾਇਮ ਰਹੇਗਾ। ਹੇ ਭਾਈ! ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ।੪।੫।੭।

Post a Comment

Previous Post Next Post